ਤਰਨ ਤਾਰਨ, 21 ਜਨਵਰੀ (ਇਕਬਾਲ ਸਿੰਘ ਸੋਢੀ)- ਸ਼ਹਿਰ ਦੀ ਮਜ਼ਦੂਰ ਵੈਲਫੇਅਰ ਸੁਸਾਇਟੀ ਵਲੋਂ ਤਰਨ ਤਾਰਨ ਦੀ ਖੁਦ ਮੁਖਤਿਆਰ, ਗੈਰ ਰਾਜਨੀਤਿਕ, ਕੱਲਚਰਲ ਤੇ ਵਿੱਦਿਅਕ ਐੱਨ.ਜੀ.ਓ. 'ਕਲਾ ਸੁਮਨ' ਦੇ ਸਹਿਯੋਗ ਨਾਲ ਹਰ ਸਾਲ ਵਾਂਗੁ ਇਸ ਸਾਲ ਵੀ ਵਿਦਿੱਆ ਦੀ ਦੇਵੀ ਮਾਂ ਸਰਸਵੱਤੀ ਜੀ ਨੂੰ ਸਮਰਪਿਤ ਬਸੰਤ ਪੰਚਮੀ ਸਮਾਰੋਹ 23 ਤੋਂ 25 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ | ਇਸ ਵਿਚ ਮਾਂ ਸਰਸਵਤੀ ਜੀ ਦੀ ਪੂਜਾ ਉਪਰੰਤ ਸ਼ਹਿਰ ਦੇ ਸਕੂਲੀੇ ਬੱਚਿਆਂ ਵਲੋਂ ਧਾਰਮਿਕ, ਦੇਸ਼ ਭਗਤੀ, ਗੀਤ-ਸੰਗੀਤ ਅਤੇ ਜਨਰਲ ਨਾਲਿਜ ਦੇ ਕੁਵਿੱਜ ਮੁਕਾਬਲੇ, ਵਿਦਿੱਅਕ ਅਤੇ ਸਾਂਸਕਿ੍ਤਿਕ ਪ੍ਰੋਗਰਾਮ ਹੋਣਗੇ ਅਤੇ ਚੰਗੀ ਪੇਸ਼ਕਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਕਲਾ ਸੁਮਨ ਦਫਤਰ ਵਿਖੇ ਹੋਈ ਅਨ-ਆਫੀਸ਼ਲੀ ਮੀਟਿੰਗ ਉਪਰੰਤ ਸੁਸਾਇਟੀ ਦੇ ਪ੍ਰਧਾਨ ਕਨੋਜ ਵਰਮਾਂ ਨੇ ਦੱਸਿਆ ਕਿ 23 ਨੂੰ ਵਿੱਦਿਆ ਦੀ ਮਾਂ ਸਰਸਵੱਤੀ ਜੀ ਦਾ ਭਜਨ-ਕੀਰਤਨ ਸਵੇਰੇ 9 ਵਜੇ ਤੋਂ ਸਾਰੀ ਰਾਤ ਤੱਕ ਚਲਦਾ ਰਹੇੇਗਾ | 24 ਜਨਵਰੀ ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਸ਼ਹਿਰ ਦੇ ਸਕੂਲੀ ਬੱਚਿਆਂ ਵਲੋਂ ਭਜਨ, ਦੇਸ਼ ਪਿਆਰ ਦੇ ਗੀਤ-ਸੰਗੀਤ ਅਤੇ ਜਨਰਲ ਨਾਲਿਜ ਦੇ ਸੁਆਲਾਂ ਆਦਿ ਦੇ ਪ੍ਰੋਗਰਾਮ ਹੋਣਗੇ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | 25 ਜਨਵਰੀ ਨੂੰ ਨਗਰ-ਕੀਰਤਨ ਕੱਢਿਆ ਜਾਵੇਗਾ ਅਤੇ ਸ਼ਾਮ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜਾਕੇ ਬਿਆਸ ਦਰਿਆ 'ਚ ਮੂਰਤੀ-ਵਿਸਰਜਨ ਪ੍ਰੋਗਰਾਮ ਸੰਪੰਨ ਹੋਵੇਗਾ |