ਛੇਹਰਟਾ, 27 ਨਵੰਬਰ (ਪੱਤਰ ਪ੍ਰੇਰਕ)-ਛੇਹਰਟਾ ਮੇਨ ਜੀ. ਟੀ. ਰੋਡ ’ਤੇ ਸਥਿਤ ਇਕ ਨਿੱਜੀ ਮਿੱਲ ਖ਼ਿਲਾਫ਼ ਮਿੱਲ ਵਰਕਰਜ ਯੂਨੀਅਨ ਦਾ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕਿਵੇਂ ਦਿਨ ਵੀ ਰੋਸ ਧਰਨਾ ਜਾਰੀ ਰਿਹਾ ਤੇ ਅੱਜ ਖੰਡਵਾਲਾ ਚੌਕ ਤੱਕ ਵਰਕਰਜ ਮਜ਼ਦੂਰਾਂ ਤੇ ਔਰਤਾਂ ਨੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਰੋਸ ਮਾਰਚ ਕੀਤਾ। ਮਿੱਲ ਵਰਕਰ ਯੂਨੀਅਨ ਦੇ ਆਗੂਆ ਨੇ ਕਿਹਾ ਕਿ ਮਿੱਲ ਮੈਨੇਜਮੈਂਟ ਕੱਚੇ ਕਾਮਿਆਂ ਨੂੰ ਪੱਕਾ ਕਰਨ, ਕੱਢੇ ਗਏ 70 ਕਾਮਿਆਂ ਦੀ ਬਹਾਲੀ, ਡੀ. ਏ. ਫੰਡ ਦੇਣ ਤੇ ਵਰਕਰ ਕਮੇਟੀ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਵਰਕਰ ਔਰਤਾਂ ’ਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਥਾਣਾ ਛੇਹਰਟਾ ਦੇ ਘਿਰਾਓ ਦੀ ਚਿਤਾਵਨੀ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਕਾਰਪੋਰੇਟ ਪੱਖੀ ਕਿਰਤ ਕੋਡ ਮਜ਼ਦੂਰਾਂ ਦੀ ਲੁੱਟ ਵਧਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਵਰਕਰਾਂ ਦੀਆਂ ਉਕਤ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਰੋਸ ਧਰਨੇ ਦੌਰਾਨ ਮਿਲ ਵਰਕਰਾਂ ਤੇ ਆਮ ਰਾਹੀਗਰਾਂ ਦੀ ਆਪਸ ਵਿਚ ਕਹਾ ਸੁਣੀ ਹੋ ਗਈ ਤੇ ਇਸ ਦੌਰਾਨ ਸਥਿਤੀ ਉਸ ਵਕਤ ਹੋਰ ਤਨਾਅਪੂਰਨ ਹੋ ਗਈ ਜਦੋਂ ਕਿਸੇ ਗੱਲ ਨੂੰ ਲੈ ਕੇ ਇਕ ਰਾਹਗੀਰ ਅੰਮ੍ਰਿਤਧਾਰੀ ਬੀਬੀ ਵਲੋਂ ਸ੍ਰੀ ਸਾਹਿਬ ਕੱਢ ਲਈ ਗਈ ਪਰ ਬਾਅਦ ਵਿਚ ਉੱਥੇ ਮੌਜੂਦ ਲੋਕਾਂ ਵਲੋਂ ਉਹਨਾਂ ਨੂੰ ਸਮਝਾ ਕੇ ਸਥਿਤੀ ਨੂੰ ਕਾਬੂ ’ਚ ਕੀਤਾ ਗਿਆ।