ਪਵਿੱਤਰ ਨਗਰੀ ਸੰਬੰਧੀ ਸਰਕਾਰੀ ਹਦਾਇਤਾਂ ’ਤੇ ਅਮਲ
ਨਗਰ ਨਿਗਮ ਵਲੋਂ ਮੀਟ ਦੀਆਂ ਦੁਕਾਨਾਂ ਖ਼ਿਲਾਫ਼ ਕਾਰਵਾਈ * ਕਾਰਖਾਨਾ ਬਾਜ਼ਾਰ ’ਚ ਮੀਟ ਦੀਆਂ ਚਾਰ ਦੁਕਾਨਾਂ ਸੀਲ
ਅੰਮ੍ਰਿਤਸਰ, 12 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਦੇ ਇਲਾਕੇ ਪਵਿੱਤਰ ਸ਼ਹਿਰ ਐਲਾਨੇ ਜਾਣ ਅਤੇ ਉਥੋ ਮੀਟ, ਅੰਡਾ, ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਬਾਹਰ ਕੱਢਣ ਸੰਬੰਧੀ ਕੀਤੀਆਂ ਹਦਾਇਤਾਂ ਦਾ ਪਾਲਨ ਕਰਦੇ ਹੋਏ, ਨਗਰ ਨਿਗਮ ਅੰਮ੍ਰਿਤਸਰ ਦੇ ਅਸਟੇਟ ਵਿਭਾਗ ਵਲੋਂ ਉਪਰੋਕਤ ਖੇਤਰ ਦੇ ਅੰਦਰ ਸੁਲਤਾਨਵਿੰਡ ਗੇਟ ਵਿਖੇ ਸਥਿਤ ਕਾਰਖਾਨਾ ਬਾਜ਼ਾਰ ਵਿਚ ਮੀਟ ਦੀਆਂ ਦੁਕਾਨਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੀਟ ਦੀਆਂ ਚਾਰ ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਹ ਕਾਰਵਾਈ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ।
ਸ
ਸੁਲਤਾਨਵਿੰਡ ਗੇਟ ਦੇ ਅੰਦਰ ਕਾਰਖਾਨਾ ਬਾਜ਼ਾਰ ਵਿਚ ਮੀਟ ਦੀਆਂ ਦੁਕਾਨਾਂ ਨੂੰ ਸੀਲ ਕਰਦੇ ਹੋਏ ਨਿਗਮ ਮੁਲਾਜ਼ਮ।
ਸੁਲਤਾਨਵਿੰਡ ਗੇਟ ਦੇ ਅੰਦਰ ਕਾਰਖਾਨਾ ਬਾਜ਼ਾਰ ਵਿਚ ਮੀਟ ਦੀਆਂ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਦੌਰਾਨ ਦੁਕਾਨਦਾਰ ਅਤੇ ਨਿਗਮ ਦੇ ਅਧਿਕਾਰੀ ਗੱਲਬਾਤ ਕਰਦੇ ਹੋਏ। ਤਸਵੀਰਾਂ : ਨਿਰਮਲ ਸਟੂਡੀਓ
13-10-2026
ਅੰਮ੍ਰਿਤਸਰ, 12 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਦੇ ਇਲਾਕੇ ਪਵਿੱਤਰ ਸ਼ਹਿਰ ਐਲਾਨੇ ਜਾਣ ਅਤੇ ਉਥੋ ਮੀਟ, ਅੰਡਾ, ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਬਾਹਰ ਕੱਢਣ ਸੰਬੰਧੀ ਕੀਤੀਆਂ ਹਦਾਇਤਾਂ ਦਾ ਪਾਲਨ ਕਰਦੇ ਹੋਏ, ਨਗਰ ਨਿਗਮ ਅੰਮ੍ਰਿਤਸਰ ਦੇ ਅਸਟੇਟ ਵਿਭਾਗ ਵਲੋਂ ਉਪਰੋਕਤ ਖੇਤਰ ਦੇ ਅੰਦਰ ਸੁਲਤਾਨਵਿੰਡ ਗੇਟ ਵਿਖੇ ਸਥਿਤ ਕਾਰਖਾਨਾ ਬਾਜ਼ਾਰ ਵਿਚ ਮੀਟ ਦੀਆਂ ਦੁਕਾਨਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੀਟ ਦੀਆਂ ਚਾਰ ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਹ ਕਾਰਵਾਈ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਜਿਸ ’ਚ ਸਲਾਟਰ ਹਾਊਸ ਵਿਭਾਗ ਦੀ ਟੀਮ ’ਚੋਂ ਡਾ: ਦਰਸਗਨ ਕਸ਼ਯਪ ਨੇ ਕੀਤੀ, ਅਤੇ ਥਾਣਾ ਬੀ ਡਿਵੀਜ਼ਨ ਦੇ ਐੱਸ.ਐੱਚ.ਓ. ਸਮੇਤ ਪੁਲਿਸ ਟੀਮ ਵਲੋਂ ਸਹਿਯੋਗ ਦਿੱਤਾ ਗਿਆ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਨਗਰ ਨਿਗਮ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਦੀ ਨਿਗਰਾਨੀ ਹੇਠ ਕੀਤੀ ਗਈ। ਇਹ ਕਾਰਵਾਈ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਨੂੰ ਪਵਿੱਤਰ ਨਗਰੀ ਐਲਾਨ ਕਰਨ ਸੰਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਾਮੀ ਗੁਰਪੁਰਬ ਦੇ ਮੱਦੇਨਜ਼ਰ ਇਤਿਹਾਸਕ ਸ਼ਹਿਰ ਦੀ ਧਾਰਮਿਕ ਮਰਿਆਦਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਕੀਤੀ ਗਈ। ਕਾਰਵਾਈ ਦੌਰਾਨ ਸੰਬੰਧਿਤ ਦੁਕਾਨਦਾਰਾਂ ਵਲੋਂ ਅਦਾਲਤ ਤੋਂ ਸਟੇਅ ਆਰਡਰ ਹੋਣ ਦੀ ਗੱਲ ਕਹੀ ਗਈ, ਪਰ ਉਹ ਮੌਕੇ ‘ਤੇ ਕੋਈ ਵੀ ਸੰਬੰਧਿਤ ਅਦਾਲਤੀ ਹੁਕਮ ਪੇਸ਼ ਨਹੀਂ ਕਰ ਸਕੇ। ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਵਲੋਂ ਲਾਗੂ ਹਦਾਇਤਾਂ ਅਤੇ ਸੰਬੰਧਿਤ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਚਾਰ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸ ਮੌਕੇ ਵੱਲਡ ਸਿਟੀ ਦੇ ਅੰਦਰ ਮੀਟ ਅਤੇ ਤੰਬਾਕੂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਉਹ ਲਾਗੂ ਸਰਕਾਰੀ ਹਦਾਇਤਾਂ ਅਨੁਸਾਰ ਆਪਣਾ ਕਾਰੋਬਾਰ ਨਿਰਧਾਰਤ ਖੇਤਰ ਤੋਂ ਬਾਹਰ ਤਬਦੀਲ ਕਰ ਲੈਣ। ਉਨ੍ਹਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਹਦਾਇਤਾਂ ਦੀ ਉਲੰਘਣਾ ਜਾਰੀ ਰਹਿਣ ਦੀ ਸੂਰਤ ਵਿਚ ਨਗਰ ਨਿਗਮ ਵਲੋਂ ਲਾਗੂ ਨਿਯਮਾਂ ਅਨੁਸਾਰ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਨਗਰ ਨਿਗਮ ਅੰਮ੍ਰਿਤਸਰ ਨੇ ਸਪੱਸ਼ਟ ਕੀਤਾ ਕਿ ਵੱਲਡ ਸਿਟੀ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਵਪਾਰਕ ਸਰਗਰਮੀਆਂ ਖ਼ਿਲਾਫ਼ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਸਾਰੇ ਸੰਬੰਧਿਤ ਦੁਕਾਨਦਾਰਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਅਤੇ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਕਾਰਨ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕਰਨੀ ਪਵੇ। ਨਗਰ ਨਿਗਮ ਨੇ ਸਮੂਹ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਨਗਰ ਨਿਗਮ ਨਾਲ ਸਹਿਯੋਗ ਕਰਨ ਅਤੇ ਅੰਮ੍ਰਿਤਸਰ ਦੀ ਇਤਿਹਾਸਕ ਵਿਰਾਸਤ, ਸਫ਼ਾਈ ਅਤੇ ਵੱਲਡ ਸਿਟੀ ਦੀ ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਪਾਉਣ, ਤਾਂ ਜੋ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਗੁਰਪੁਰਬ ਦੀਆਂ ਤਿਆਰੀਆਂ ਸੁਚੱਜੇ ਮਾਹੌਲ ਵਿਚ ਨੇਪਰੇ ਚੜ੍ਹ ਸਕਣ।