ਅੰਮ੍ਰਿਤਸਰ, 11 ਅਗਸਤ (ਹਰਮਿੰਦਰ ਸਿੰਘ)- ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਿਗਮ ਦੇ ਸਿਹਤ ਵਿਭਾਗ ਦੀ ਟੀਮ ਨੇ ਨਿਗਮ ਦੀ ਹਦੂਦ ਅੰਦਰ ਚੱਲ ਰਹੀਆਂ ਗ਼ੈਰ-ਕਾਨੂੰਨੀ ਡੇਅਰੀਆਂ ਨੂੰ ਹਟਾਉਣ ਲਈ ਕੋਟ ਖਾਲਸਾ ਦੇ ਆਦਰਸ਼ ਨਗਰ-ਇੰਦਰਪੁਰੀ ਇਲਾਕੇ ‘ਚ ਕਾਰਵਾਈ ਕਰਦੇ ਹੋਏ ਉਥੋਂ 5 ਗ਼ੈਰ-ਕਾਨੂੰਨੀ ਤੌਰ ‘ਤੇ ਚੱਲ ਰਹੀਆਂ ਡੇਅਰੀਆਂ ਨੂੰ ਹਟਾਇਆ । ਨਿਗਮ ਦੀ ਇਸ ਕਾਰਵਾਈ ਦਾ ਕੁਝ ਲੋਕਾਂ ਜ਼ਿਨ੍ਹਾਂ ‘ਚ ਡੇਅਰੀਆਂ ਦੇ ਮਾਲਕ ਵੀ ਸ਼ਾਮਿਲ ਸਨ, ਵਲੋਂ ਵਿਰੋਧ ਕੀਤਾ ਗਿਆ, ਪਰ ਨਿਗਮ ਦੀ ਟੀਮ ਨੇ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਡੇਅਰੀ ਵਾਲਿਆਂ ਦੇ ਕੁਝ ਪਸ਼ੂ ਟਰੱਕਾਂ ‘ਚ ਲੈ ਕੇ ਜਾ ਕੇ ਗਾਊਸ਼ਾਲਾ ‘ਚ ਤਬਦੀਲ ਕੀਤੇ । ਸਿਹਤ ਅਫ਼ਸਰ ਡਾ: ਰਮਾ, ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਅੰਗਦ ਸਿੰਘ ਅਤੇ ਚੀਫ਼ ਸੈਨੇਟਰੀ ਅਫਸਰ ਜੇ. ਪੀ. ਬੱਬਰ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀ ਟੀਮ ਜਿਸ ‘ਚ ਅਨਿਲ ਡੋਗਰਾ, ਬ੍ਰਹਮ ਦਾਸ, ਰਵਿੰਦਰ ਕੁਮਾਰ, ਅਸ਼ੋਕ ਕੁਮਾਰ ਅਤੇ ਸ਼ਾਮ ਸਿੰਘ ਆਦਿ ਸ਼ਾਮਿਲ ਸਨ, ਨੇ ਪੁਲਿਸ ਟੀਮ ਦੀ ਮਦਦ ਨਾਲ ਕਾਰਵਾਈ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਨਗਰ ਨਿਗਮ ਦੀ ਹੱਦ ਅੰਦਰ ਚੱਲ ਰਹੀਆਂ ਗ਼ੈਰ-ਕਾਨੂੰਨੀ ਡੇਅਰੀਆਂ ਸਫਾਈ-ਸਵੱਛਤਾ, ਵਾਤਾਵਰਣ ਅਤੇ ਜਨਤਕ ਸਿਹਤ ਲਈ ਗੰਭੀਰ ਚਿੰਤਾਵਾਂ ਪੈਦਾ ਕਰਦੀਆਂ ਹਨ। ਇਸ ਤੋਂ ਇਲਾਵਾ, ਇਨ੍ਹਾਂ ਕਾਰਨ ਇਲਾਕਾ ਨਿਵਾਸੀਆਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਨਿਗਮ ਵਲੋਂ ਸਾਫ਼-ਸੁਥਰਾ, ਸੁਰੱਖਿਅਤ ਅਤੇ ਸਿਹਤਮੰਦ ਸ਼ਹਿਰੀ ਵਾਤਾਵਰਣ ਯਕੀਨੀ ਬਣਾਉਣ ਲਈ ਲਗਾਤਾਰ ਕਾਰਵਾਈ ਜਾਰੀ ਰੱਖੀ ਜਾਵੇਗੀ। ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਨੇ ਨਗਰ ਨਿਗਮ ਦੀ ਹੱਦ ਅੰਦਰ ਗ਼ੈਰ-ਕਾਨੂੰਨੀ ਤੌਰ ‘ਤੇ ਡੇਅਰੀਆਂ ਚਲਾਉਣ ਵਾਲੇ ਸਾਰੇ ਡੇਅਰੀ ਮਾਲਕਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਤੁਰੰਤ ਬੰਦ ਕਰਨ।
ਨਗਰ ਨਿਗਮ ਵਲੋਂ 5 ਗ਼ੈਰ-ਕਾਨੂੰਨੀ ਡੇਅਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ
ਨਗਰ ਨਿਗਮ ਵਲੋਂ 5 ਗ਼ੈਰ-ਕਾਨੂੰਨੀ ਡੇਅਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ
ਅਜੀਤ ਡੈਸਕ
12-08-2026