08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪਾਕਿ ਦੀ ਸਾਈਬਰ ਕ੍ਰਾਈਮ ਜਾਂਚ ਏਜੰਸੀ ਵਲੋਂ ਨੂਰੀਨ ਨਿਆਜ਼ੀ ਨੂੰ ਸੰਮਨ ਜਾਰੀ

ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਨੇ ਰਾਵਲਪਿੰਡੀ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਨੂਰੀਨ ਨਿਆਜ਼ੀ ਨੂੰ ਸੰਮਨ ਜਾਰੀ ਕੀਤਾ ਹੈ । ਉਨ੍ਹਾਂ ’ਤੇ ਅਪਮਾਨਜਨਕ ਅਤੇ ਭੜਕਾਊ ਸਮੱਗਰੀ ਫੈਲਾਉਣ, ਸਰਕਾਰੀ ਸੰਸਥਾਵਾਂ ਨੂੰ ਬਦਨਾਮ ਕਰਨ ਅਤੇ ਝੂਠੀਆਂ ਕਹਾਣੀਆਂ ਫ਼ੈਲਾਉਣ ਦਾ ਦੋਸ਼ ਲਗਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਇਕ ਇੰਟਰਵਿਊ ’ਚ ਨੂਰੀਨ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਈ 2025 ਦਾ ਟਕਰਾਅ ਪਾਕਿ ਦੀ ਫ਼ੌਜੀ ਲੀਡਰਸ਼ਿਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮਿਲੀਭੁਗਤ ਦਾ ਨਤੀਜਾ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਟਕਰਾਅ ਦਾ ਉਦੇਸ਼ ਪਾਕਿਸਤਾਨੀ ਫ਼ੌਜ ਦੀ ਖ਼ਰਾਬ ਹੋ ਰਹੀ ਛਵੀ ਨੂੰ ਬਿਹਤਰ ਬਣਾ ਕੇ ਪੇਸ਼ ਕਰਨਾ ਸੀ। ਦੱਸਿਆ ਜਾ ਰਿਹਾ ਹੈ ਕਿ ਪਾਕਿ ਦੀ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਨੇ ਨੂਰੀਨ ਦੀ ਇੰਟਰਵਿਊ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਪ੍ਰਸਾਰਿਤ ਹੋਣ ਤੋਂ ਬਾਅਦ ਸੰਮਨ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਸੋਮਵਾਰ 20 ਜੁਲਾਈ ਨੂੰ ਇਸਲਾਮਾਬਾਦ ਸਥਿਤ ਆਪਣੇ ਦਫ਼ਤਰ ‘ਚ ਪੇਸ਼ ਹੋਣ ਲਈ ਕਿਹਾ। ਸੰਮਨ ‘ਚ ਕਿਹਾ ਗਿਆ ਹੈ ਕਿ ਨੂਰੀਨ ਨੇ ਬਿਨਾ ਸਬੂਤਾਂ ਦੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹੋਏ 4 ਦਿਨਾਂ ਦੇ ਫ਼ੌਜੀ ਟਕਰਾਅ ਦੌਰਾਨ ਭਾਰਤ ਨੇ ਟਕਰਾਅ ਨੂੰ ਇਸ ਲਈ ਨਹੀਂ ਵਧਾਇਆ ਕਿਉਂਕਿ ਪਾਕਿ ਇਜ਼ਰਾਈਲ ਨੂੰ ਮਾਨਤਾ ਦੇਣ ਵੱਲ ਵਧ ਰਿਹਾ ਸੀ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪੂਰੀ ਘਟਨਾ ਦਾ ਉਦੇਸ਼ ਪਾਕਿ ਲਈ ਅਬਰਾਹਿਮ ਸਮਝੌਤਿਆਂ ‘ਚ ਸ਼ਾਮਿਲ ਹੋਣ ਦਾ ਰਾਹ ਪੱਧਰਾ ਕਰਨਾ ਸੀ । ਦਰਅਸਲ, ਪਾਕਿ ਉਨ੍ਹਾਂ ਦੇਸ਼ਾਂ ‘ਚੋਂ ਇਕ ਹੈ ਜੋ ਇਜ਼ਰਾਈਲ ਨੂੰ ਇਕ ਰਾਸ਼ਟਰ ਵਜੋਂ ਮਾਨਤਾ ਨਹੀਂ ਦਿੰਦੇ ਅਤੇ ਨਾ ਹੀ ਇਸ ਨਾਲ ਕੂਟਨੀਤਕ ਸੰਬੰਧ ਰੱਖਦੇ ਹਨ । ਨੂਰੀਨ ਨਿਆਜ਼ੀ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਸਾਰਾ ਫ਼ੌਜੀ ਟਕਰਾਅ ਸਿਰਫ਼ ਜਨਤਾ ‘ਚ ਪਾਕਿਸਤਾਨੀ ਫ਼ੌਜ ਦੀ ਛਵੀ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਸੀ । ਉਨ੍ਹਾਂ ਨੇ ਸਿੱਧੇ ਤੌਰ ’ਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦਾ ਨਾਮ ਲਿਆ। ਇਸ ਟਕਰਾਅ ਤੋਂ ਬਾਅਦ ਹੀ ਜਨਰਲ ਮੁਨੀਰ ਨੂੰ ਟਕਰਾਅ ਦੌਰਾਨ ਬਿਨਾ ਕੋਈ ਸਫਲਤਾ ਪ੍ਰਾਪਤ ਕੀਤੇ ਫ਼ੀਲਡ ਮਾਰਸ਼ਲ ਦੇ ਸਭ ਤੋਂ ਉੱਚੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ । ਇੰਟਰਵਿਊ ‘ਚ ਨੂਰੀਨ ਨੇ ਕਿਹਾ ਕਿ ਤੁਹਾਡਾ ਕੀ ਖਿਆਲ ਹੈ ਕੀ ਭਾਰਤ ਵਰਗਾ ਵੱਡਾ ਦੇਸ਼ 10 ਮਈ ਨੂੰ ਪਾਕਿ ਦੇ ਹਮਲੇ ਦਾ ਜਵਾਬ ਦੇਣ ਦੀ ਸਥਿਤੀ ‘ਚ ਨਹੀਂ ਸੀ? ਉਹ ਜਵਾਬ ਦੇ ਸਕਦਾ ਸੀ, ਪਰ ਇਜ਼ਰਾਈਲ ਦੇ ਕਹਿਣ ‘ਤੇ ਭਾਰਤ ਨੇ ਜਾਣਬੁੱਝ ਕੇ ਸਖ਼ਤ ਜਵਾਬ ਨਹੀਂ ਦਿੱਤਾ । ਦੂਜੇ ਪਾਸੇ ਨੂਰੀਨ ਨਿਆਜ਼ੀ ਦੇ ਬਿਆਨ ’ਤੇ ਲਹਿੰਦੇ ਪੰਜਾਬ ਦੀ ਸੂਬਾਈ ਸੂਚਨਾ ਅਤੇ ਸੱਭਿਆਚਾਰ ਮੰਤਰੀ ਅਜ਼ਮਾ ਬੁਖ਼ਾਰੀ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨੂਰੀਨ ਨਿਆਜ਼ੀ ਦਾ ਬਿਆਨ ਉਸ ਦੇ ਭਰਾ ਇਮਰਾਨ ਖਾਨ ਦੀ ਸੋਚ ਨੂੰ ਦਰਸਾਉਂਦਾ ਹੈ । ਇਹ ਪਰਿਵਾਰ ਹਮੇਸ਼ਾ ਪਾਕਿ ਦੀਆਂ ਪ੍ਰਾਪਤੀਆਂ ਤੋਂ ਅਸਹਿਜ ਰਿਹਾ ਹੈ ਅਤੇ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਅਜਿਹੀਆਂ ਟਿੱਪਣੀਆਂ ਬਹੁਤ ਮੰਦਭਾਗੀਆਂ ਹਨ।

ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੀ ਭਾਵਿਕਾ ਸ਼ਾਰਦਾ ਨੇ ਨੀਟ ’ਚ ਜ਼ਿਲ੍ਹੇ ’ਚ ਤੀਜਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਵਿਧਾਇਕ ਡਾ. ਨਿੱਝਰ ਵਲੋਂ ਸੁਲਤਾਨਵਿੰਡ ਲਿੰਕ ਰੋਡ ਵਿਖੇ ਮੁਫ਼ਤ ਜਨਤਕ ਇੰਡੋਰ ਜਿੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।