08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਵਿਧਾਇਕ ਡਾ. ਨਿੱਝਰ ਵਲੋਂ ਸੁਲਤਾਨਵਿੰਡ ਲਿੰਕ ਰੋਡ ਵਿਖੇ ਮੁਫ਼ਤ ਜਨਤਕ ਇੰਡੋਰ ਜਿੰਮ ਦਾ ਉਦਘਾਟਨ

ਅਜੀਤ ਡੈਸਕ 20-07-2026

ਸੁਲਤਾਨਵਿੰਡ, 19 ਜੁਲਾਈ (ਗੁਰਨਾਮ ਸਿੰਘ ਬੁੱਟਰ)-ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਸੁਲਤਾਨਵਿੰਡ ਲਿੰਕ ਰੋਡ ਵਿਖੇ ਮੁਫ਼ਤ ਜਨਤਕ ਇੰਡੋਰ ਜਿੰਮ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ, ਨੌਜਵਾਨ, ਮਹਿਲਾਵਾਂ ਅਤੇ ਵੱਡੀ ਗਿਣਤੀ ਵਿਚ ਸਥਾਨਕ ਵਸਨੀਕ ਹਾਜ਼ਰ ਰਹੇ। ਉਦਘਾਟਨ ਮੌਕੇ ਲੋਕਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਨਿੱਝਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਤੰਦਰੁਸਤ ਸਰੀਰ ਹੀ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਨਿਯਮਿਤ ਕਸਰਤ ਨੂੰ ਪ੍ਰੋਤਸਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਮਕਸਦ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਦੇ ਲੋਕਾਂ ਲਈ ਇਹ ਮੁਫ਼ਤ ਜਨਤਕ ਇੰਡੋਰ ਜਿੰਮ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਹਰ ਵਰਗ ਦਾ ਵਿਅਕਤੀ ਬਿਨਾਂ ਕਿਸੇ ਫੀਸ ਦੇ ਆਧੁਨਿਕ ਜਿੰਮ ਸਹੂਲਤਾਂ ਦਾ ਲਾਭ ਲੈ ਸਕੇ। ਉਨ੍ਹਾਂ ਕਿਹਾ ਕਿ ਸਰੀਰਕ ਤੰਦਰੁਸਤੀ ਨਾਲ ਹੀ ਮਾਨਸਿਕ ਸਿਹਤ ਵੀ ਮਜ਼ਬੂਤ ਹੁੰਦੀ ਹੈ ਅਤੇ ਇਕ ਤੰਦਰੁਸਤ ਸਮਾਜ ਦੇ ਨਿਰਮਾਣ ਵਿਚ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿਚ ਕਸਰਤ ਨੂੰ ਸ਼ਾਮਲ ਕਰਨ ਅਤੇ ਹੋਰਨਾਂ ਨੂੰ ਵੀ ਸਿਹਤ ਪ੍ਰਤੀ ਜਾਗਰੂਕ ਕਰਨ। ਇਲਾਕਾ ਵਾਸੀਆਂ ਨੇ ਡਾ. ਨਿੱਝਰ ਦੇ ਇਸ ਲੋਕ ਭਲਾਈ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਜਿੰਮ ਦੀ ਸਥਾਪਨਾ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਤੰਦਰੁਸਤ ਰਹਿਣ ਲਈ ਇਕ ਵਧੀਆ ਮੰਚ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕਰਨ ਵਿਚ ਵੀ ਸਹਾਈ ਸਾਬਤ ਹੋਣਗੇ । ਇਸ ਮੌਕੇ ਮੇਅਰ ਜਤਿੰਦਰ ਸਿੰਘ ਭਾਟੀਆ, ਓ. ਐੱਸ. ਡੀ. ਮਨਪ੍ਰੀਤ ਸਿੰਘ, ਚੇਅਰਮੈਨ ਬਲਜੀਤ ਸਿੰਘ ਰਿੰਕੂ, ਗੁਰਜੰਟ ਸਿੰਘ ਚਿੰਟੂ, ਰਵੀ ਸ਼ੇਰ ਸਿੰਘ ਖਾਲਸਾ, ਗੁਰਵੇਲ ਸਿੰਘ ਚੌਹਾਨ, ਭੁਪਿੰਦਰ ਸਿੰਘ, ਗੁਰਜੰਟ ਸਿੰਘ ਸ਼ਾਹ, ਮਨਿੰਦਰ ਸਿੰਘ ਸੋਨੂੰ, ਕੌਂਸਲਰ ਪਤ ਨੈਨ ਕਵਲਬੀਰ ਸਿੰਘ, ਜਸਵੰਤ ਸਿੰਘ ਪੱਖੋਕੇ, ਅਮਰਪਾਲ ਸਿੰਘ, ਮੈਡਮ ਮਨਜੀਤ ਕੌਰ, ਸਰਬਜੀਤ ਸਿੰਘ, ਕੌਂਸਲਰ ਵਰਪਾਲ ਸਿੰਘ ਬੱਬਰ, ਫਤਿਹੇ ਸਿੰਘ, ਬਚਿੱਤਰ ਸਿੰਘ ਸਮੇਤ ਇਲਾਕੇ ਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਪਾਕਿ ਦੀ ਸਾਈਬਰ ਕ੍ਰਾਈਮ ਜਾਂਚ ਏਜੰਸੀ ਵਲੋਂ ਨੂਰੀਨ ਨਿਆਜ਼ੀ ਨੂੰ ਸੰਮਨ ਜਾਰੀ ਅਗਲੀ ਖ਼ਬਰ ਅੰਤਰਰਾਸ਼ਟਰੀ ਲੋਕਤੰਤਰ ਪੁਰਸਕਾਰ 2026 ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।