ਅੰਮ੍ਰਿਤਸਰ, 17 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ, ਲਾਰੰਸ ਰੋਡ ਅੰਮ੍ਰਿਤਸਰ ਨੇ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ (ਨੀਟ) 2026 ‘ਚ ਆਪਣੇ ਵਿਦਿਆਰਥੀਆਂ ਦੇ ਬੇਮਿਸਾਲ ਪ੍ਰਦਰਸ਼ਨ ਦਾ ਜਸ਼ਨ ਮਨਾਇਆ। ਸਕੂਲ ਦੀ ਵਿਦਿਆਰਥਣ ਸੰਗੀਤਾ ਸ਼ਰਮਾ ਨੇ 720 ‘ਚੋਂ 637 ਦੇ ਸ਼ਾਨਦਾਰ ਅੰਕਾਂ ਨਾਲ ਸਕੂਲ ‘ਚ ਮੋਹਰੀ ਸਥਾਨ ਹਾਸਿਲ ਕੀਤਾ। ਆਰਿਤ ਖੁਰਾਣਾ ਨੇ 720 ‘ਚੋਂ 623, ਜਯੇਸ਼ ਵਰਮਾ ਨੇ 720 ‘ਚੋਂ 590, ਸਮੀਖਿਆ ਭਾਰਦਵਾਜ ਨੇ 720 ‘ਚੋਂ 584 ਤੇ ਕਾਸ਼ਵੀ ਮਨਨ ਨੇ 720 ‘ਚੋਂ 419 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਮੈਨੇਜਰ ਸ੍ਰੀਮਤੀ ਸਵੀਨ ਪੁਰੀ ਨੇ ਨੀਟ 2026 ਦੀ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਸਾਰੇ ਯੋਗਤਾ ਪ੍ਰਾਪਤ ਵਿਦਿਆਰਥੀਆਂ ਨੂੰ ਨਿੱਘੀ ਮੁਬਾਰਕਬਾਦ ਦਿੱਤੀ। ਮੈਨੇਜਰ ਨੇ ਹਰੇਕ ਵਿਦਿਆਰਥੀ ਨੂੰ ਨਿਰੰਤਰ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਕਿਉਂਕਿ ਉਹ ਸਮਾਜ ਦੀ ਸੇਵਾ ਕਰਨ ਲਈ ਡਾਕਟਰੀ ਦੀ ਦੁਨੀਆ ‘ਚ ਕਦਮ ਰੱਖ ਰਹੇ ਹਨ। ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਹਰ ਉਸ ਵਿਦਿਆਰਥੀ ਦੀ ਮਿਹਨਤ ਤੇ ਅਟੁੱਟ ਜਜ਼ਬੇ ਨੂੰ ਸਲਾਮ ਕੀਤਾ, ਜਿਸ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਆਪਣੇ ਪ੍ਰੇਰਨਾਦਾਇਕ ਸੰਦੇਸ਼ ‘ਚ ਉਨ੍ਹਾਂ ਨੇ ਨਤੀਜਿਆਂ ‘ਤੇ ਅਥਾਹ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਿਰਫ਼ ਨੰਬਰ ਨਹੀਂ ਹਨ। ਇਹ ਇਕਾਗਰਤਾ ਨਾਲ ਕੀਤੇ ਗਏ ਅਣਗਿਣਤ ਘੰਟਿਆਂ ਦੇ ਯਤਨਾਂ, ਦ੍ਰਿੜਤਾ ਤੇ ਸਮਰਪਣ ਦਾ ਪ੍ਰਮਾਣ ਹਨ। ਸਾਡੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਸੰਸਥਾ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।