ਬਿਆਸ, 14 ਜੁਲਾਈ (ਨਰਿੰਦਰ ਸਿੰਘ)- ਬਿਆਸ ਦੇ ਨਾਲ ਲੱਗਦੇ ਪਿੰਡ ਬਾਬਾ ਸਾਵਨ ਸਿੰਘ ਨਗਰ ਦੀ 9 ਨੰਬਰ ਗਲੀ ਵਿਖੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਮਕਾਨ ਮਾਲਕ ਹੈਪੀ ਨਾਲ ਗੱਲਬਾਤ ਕਰਦਿਆਂ ਹੋਇਆਂ ਜਾਣਕਾਰੀ ਮਿਲੀ ਕਿ ਦਿਨ ਦੇ ਸਮੇਂ ਘਰ ਦੇ ਅੰਦਰ ਅੱਗ ਲੱਗੀ ਅਤੇ ਬਹੁਤ ਵੱਡੀ ਮਾਤਰਾ ਵਿਚ ਮਾਲੀ ਨੁਕਸਾਨ ਹੋਇਆ। ਅੱਗ ਬਹੁਤ ਤੇਜ ਰਫਤਾਰ ਨਾਲ ਸਾਰੇ ਹੀ ਘਰ ‘ਚ ਫ਼ੈਲ ਗਈ। ਆਸ-ਪਾਸ ਦੇ ਲੋਕਾਂ ਨੇ ਬਹੁਤ ਜਲਦ ਸੂਝ ਬੂਝ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦਾ ਭਿਆਨਕ ਰੂਪ ਦੇਖ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਲਦ ਹੀ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਤੰਗ ਗਲੀਆਂ ਵਿਚੋਂ ਆਪਣਾ ਪਾਣੀ ਪਾਈਪ ਦਾ ਰਸਤਾ ਬਣਾ ਕੇ ਘਰ ਵਿਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਕੁਝ ਸਮੇਂ ਵਿਚ ਹੀ ਅੱਗ ਨੂੰ ਪੂਰੀ ਤਰ੍ਹਾਂ ਨਾਲ ਬੁਝਾ ਦਿੱਤਾ ਗਿਆ। ਹੈਪੀ ਇਕ ਦੁਕਾਨਦਾਰ ਹੈ, ਜਿਸ ਨੇ ਆਪਣੀ ਦੁਕਾਨ ਦਾ ਵਧੇਰੇ ਸਾਮਾਨ ਆਪਣੇ ਘਰ ਵਿਚ ਸਟਾਕ ਕੀਤਾ ਹੋਇਆ ਸੀ। ਜਿਹੜਾ ਸਾਮਾਨ ਅੱਗ ਦੀ ਲਪੇਟ ਵਿਚ ਆ ਕੇ ਰਾਖ ਹੋ ਗਿਆ। ਸੜਨ ਵਾਲੇ ਇਲੈਕਟਰੋਨਿਕ ਸਾਮਾਨ ਵਿਚ ਏ. ਸੀ., ਵਾਸ਼ਿੰਗ ਮਸ਼ੀਨ, ਫਰਿੱਜਾਂ, ਐੱਲ. ਈ. ਡੀ. ਸਨ। ਇਸ ਦੌਰਾਨ ਘਰ ਵਿਚ ਹੋਰ ਵੀ ਕਾਫੀ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਹੈਪੀ ਦੇ ਕਹਿਣ ਅਨੁਸਾਰ ਕਰੀਬ ਅੱਠ ਤੋਂ ਦੱਸ ਲੱਖ ਦਾ ਮਾਲੀ ਨੁਕਸਾਨ ਹੋਇਆ ਹੈ।
ਬਾਬਾ ਸਾਵਨ ਸਿੰਘ ਨਗਰ ਦੇ ਇਕ ਘਰ ’ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਅਜੀਤ ਡੈਸਕ
15-07-2026