24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਤੂਫ਼ਾਨ ਕਾਰਨ ਪਾਵਰਕਾਮ ਦਾ 50 ਲੱਖ ਰੁਪਏ ਤੋਂ ਵੱਧ ਦਾ ਹੋਇਆ ਨੁਕਸਾਨ, 800 ਦੇ ਕਰੀਬ ਖੰਭੇ ਤੇ 60 ਤੋਂ ਵੱਧ ਟਰਾਂਸਫ਼ਾਰਮਰ ਨੁਕਸਾਨੇ

ਅਜੀਤ ਡੈਸਕ 15-06-2026

ਅਜਨਾਲਾ, 14 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਾਂਗ ਸਰਹੱਦੀ ਖੇਤਰ ਵਿਚ ਵੀ ਕੁਝ ਦਿਨ ਪਹਿਲਾਂ ਆਏ ਤੇਜ਼ ਤੂਫ਼ਾਨ ਅਤੇ ਹਨ੍ਹੇਰੀ ਝੱਖੜ ਕਾਰਨ ਜਿੱਥੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਤੂਫ਼ਾਨ ਨੇ ਬਿਜਲੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਕੁਦਰਤੀ ਆਫ਼ਤ ਕਾਰਨ ਅਜਨਾਲਾ ਖੇਤਰ ‘ਚ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਿ: ਨੂੰ ਸ਼ੁਰੂਆਤੀ ਅਨੁਮਾਨ ਮੁਤਾਬਿਕ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਪਾਵਰਕਾਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਤੱਕ ਵੀ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਸਬ ਡਵੀਜ਼ਨ ਅਜਨਾਲਾ ਦੇ ਐਕਸੀਅਨ ਇੰਜੀਨੀਅਰ ਅਨੀਸ਼ਦੀਪ ਸਿੰਘ ਨੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਅਧੀਨ ਆਉਂਦੇ ਖੇਤਰ ਵਿਚ 60 ਤੋਂ ਵੱਧ ਬਿਜਲੀ ਟਰਾਂਸਫ਼ਾਰਮਰ ਅਤੇ ਲਗਪਗ 800 ਬਿਜਲੀ ਦੇ ਖੰਭੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਫ਼ਤਿਹਗੜ੍ਹ ਚੂੜੀਆਂ ਤੋਂ ਆਉਣ ਵਾਲੀ ਹਾਈ ਵੋਲਟੇਜ਼ ਬਿਜਲੀ ਲਾਈਨ ਦਾ ਟਾਵਰ ਡਿੱਗਣ ਕਾਰਨ ਵੀ ਵੱਡਾ ਨੁਕਸਾਨ ਹੋਇਆ ਅਤੇ ਕਈ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ।ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਅਜਨਾਲਾ ਅਧੀਨ 66 ਕੇ.ਵੀ. ਬਿਜਲੀ ਘਰ ਅਜਨਾਲਾ, ਚੱਕ ਡੋਗਰਾ, ਡਿਆਲ ਭੜੰਗ, ਝੰਡੇਰ, ਗੱਗੋਮਾਹਲ ਅਤੇ ਰਮਦਾਸ ਆਉਂਦੇ ਹਨ, ਜਿੱਥੇ ਤੂਫ਼ਾਨ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਐਕਸੀਅਨ ਇੰਜੀ: ਅਨੀਸ਼ਦੀਪ ਸਿੰਘ ਨੇ ਅੱਗੇ ਦੱਸਿਆ ਕਿ ਪਾਵਰਕਾਮ ਦੀਆਂ ਟੀਮਾਂ ਵਲੋਂ ਲਗਾਤਾਰ ਮੈਦਾਨ ਵਿਚ ਰਹਿ ਕੇ ਕੰਮ ਕਰਨ ਕਾਰਨ ਹੁਣ ਤੱਕ ਸਾਰੇ ਬਿਜਲੀ ਘਰਾਂ ਅਧੀਨ ਆਉਂਦੇ ਪਿੰਡਾਂ ਤੇ ਕਸਬਿਆਂ ਵਿਚ 24 ਘੰਟੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਚਾਲੂ ਕਰ ਦਿੱਤੀ ਗਈ ਹੈ, ਜਦਕਿ ਮੋਟਰਾਂ ਵਾਲੇ ਫੀਡਰਾਂ ਦੀ 50 ਫ਼ੀਸਦੀ ਤੋਂ ਵੱਧ ਸਪਲਾਈ ਵੀ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਮੋਟਰਾਂ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਜਲਦ ਤੋਂ ਜਲਦ ਬਹਾਲ ਕਰਨ ਲਈ ਪਾਵਰਕਾਮ ਦੀਆਂ ਟੀਮਾਂ ਦਿਨ-ਰਾਤ ਮਿਹਨਤ ਕਰ ਰਹੀਆਂ ਹਨ ਤੇ ਕੱਲ੍ਹ ਸ਼ਾਮ ਤੱਕ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਭਰਾਵਾਂ ਨੂੰ ਝੋਨਾ ਲਗਾਉਣ ਲਈ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ, ਭਾਈ ਗੁਰਦਾਸ ਜੀ ਨਗਰ ਵਿਖੇ ਹੋਈ ਪੁਲਿਸ-ਪਬਲਿਕ ਮੀਟਿੰਗ ਅਗਲੀ ਖ਼ਬਰ ਜਨਤਕ ਜਥੇਬੰਦੀਆਂ ਵਲੋਂ ਡੀ. ਐੱਸ. ਪੀ. ਅਜਨਾਲਾ ਦੇ ਦਫ਼ਤਰ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।