14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਕੁੱਤਿਆਂ ਦੀ ਸਹੀ ਸਾਂਭ-ਸੰਭਾਲ ਸੰਬੰਧੀ ਸੈਮੀਨਾਰ ਕਰਵਾਇਆ

ਅਜੀਤ ਡੈਸਕ 04-06-2026
ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਲੋਂ ਗਰਮੀਆਂ ਦੇ ਮੌਸਮ ਦੌਰਾਨ ਕੁੱਤਿਆਂ ਦੀ ਸਹੀ ਸਾਂਭ-ਸੰਭਾਲ ਸੰਬੰਧੀ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਮੌਕੇ ਵੈਟਰਨਰੀ ਮੈਡੀਸਨ ਵਿਭਾਗ ਦੇ ਡਾ. ਦਿਵਯਮ ਚੌਧਰੀ ਅਤੇ ਉਨ੍ਹਾਂ ਦੀ ਟੀਮ ਵਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਨਾਲ ਮਹੱਤਵਪੂਰਨ ਸਲਾਹ-ਮਸ਼ਵਰੇ ਸਾਂਝੇ ਕੀਤੇ ਗਏ | ਕਾਲਜ ਪਿ੍ੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀਆਂ ਦਾ ਮੌਸਮ ਖ਼ਾਸ ਕਰਕੇ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ, ਕੁੱਤਿਆਂ ਅਤੇ ਬਿੱਲੀਆਂ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖਾਂ ਵਾਂਗ ਕੁੱਤੇ ਪਸੀਨਾ ਨਹੀਂ ਕੱਢ ਸਕਦੇ, ਇਸ ਲਈ ਉਹ ਮੁੱਖ ਤੌਰ 'ਤੇ ਹਾਂਫਣ ਰਾਹੀਂ ਆਪਣੇ ਸਰੀਰ ਦੀ ਗਰਮੀ ਘਟਾਉਂਦੇ ਹਨ | ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਜਾਨਵਰਾਂ 'ਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ), ਪੰਜਿਆਂ ਦਾ ਸੜ ਜਾਣਾ, ਥਕਾਵਟ ਅਤੇ ਹੀਟ ਸਟਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ | ਡਾ. ਵਰਮਾ ਨੇ ਕਿਹਾ ਕਿ ਦੁਪਹਿਰ ਦੀ ਤਿੱਖੀ ਧੁੱਪ 'ਚ ਕਸਰਤ ਤੋਂ ਬਚਾਅ ਕਰਦੇ ਹੋਏ ਕੁੱਤਿਆਂ ਨੂੰ ਸੈਰ ਜਾਂ ਕਸਰਤ ਲਈ ਸਿਰਫ਼ ਸਵੇਰੇ ਜਲਦੀ ਜਾਂ ਸ਼ਾਮ ਦੇ ਠੰਢੇ ਸਮੇਂ 'ਚ ਹੀ ਲੈ ਕੇ ਜਾਣਾ ਚਾਹੀਦਾ ਹੈ | ਪਾਲਤੂ ਜਾਨਵਰਾਂ ਦੀ ਖੁਰਾਕ ਸੰਬੰਧੀ ਦੱਸਦਿਆਂ ਕਿਹਾ ਕਿ ਉਬਲੇ ਚਾਵਲ, ਚਿਕਨ, ਦਹੀਂ, ਓਟਸ, ਪਪੀਤਾ ਅਤੇ ਹੋਰ ਫ਼ਲ ਹਲਕੀ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲੀ ਖੁਰਾਕ ਹਨ | ਇਸ ਤੋਂ ਇਲਾਵਾ ਖੀਰਾ ਅਤੇ ਤਰਬੂਜ਼ ਵਰਗੀਆਂ ਪਾਣੀ ਵਾਲੀਆਂ ਚੀਜ਼ਾਂ ਵੀ ਲਾਭਦਾਇਕ ਹਨ | ਉਨ੍ਹਾਂ ਕਿਹਾ ਕਿ ਪੱਗ, ਬੁਲਡਾਗ ਵਰਗੀਆਂ ਚਪਟੇ ਮੂੰਹ ਵਾਲੀਆਂ ਨਸਲਾਂ, ਛੋਟੇ ਬੱਚੇ, ਬਜ਼ੁਰਗ, ਮੋਟੇ ਕੁੱਤੇ ਅਤੇ ਦਿਲ ਜਾਂ ਸਾਹ ਦੀਆਂ ਬਿਮਾਰੀਆਂ ਵਾਲੇ ਜਾਨਵਰ ਹੀਟ ਸਟਰੈੱਸ ਦੇ ਵਧੇਰੇ ਖਤਰੇ ਹੇਠ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਵਿਸ਼ੇਸ਼ ਦੇਖਭਾਲ ਜ਼ਰੂਰੀ ਹੈ | ਪਿ੍ੰ: ਡਾ. ਵਰਮਾ ਨੇ ਕਿਹਾ ਕਿ ਕਾਲਜ ਦਾ ਵੈਟਰਨਰੀ ਹਸਪਤਾਲ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਕਾਲਜ ਵੱਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ |
ਪਿਛਲੀ ਖ਼ਬਰ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਕਾਲੀ ਮਾਤਾ ਮੰਦਰ ਸ੍ਰੀ ਦੁਰਗਿਆਣਾ ਤੀਰਥ ਵਿਖੇ ਸਮਾਗਮ 'ਚ ਕੀਤੀ ਸ਼ਿਰਕਤ <br/> ਅਗਲੀ ਖ਼ਬਰ 'ਜੂਨ '84 ਘੱਲੂਘਾਰਾ' ਦੇ ਸਮੂਹ ਸ਼ਹੀਦਾਂ ਨਮਿਤ ਸ੍ਰੀ ਅਖੰਡ ਪਾਠ ਦੀ ਆਰੰਭਤਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।