14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਦੋ ਰੋਜ਼ਾ 'ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ' ਵਰਕਸ਼ਾਪ ਕਰਵਾਈ

ਅਜੀਤ ਡੈਸਕ 04-06-2026

ਅੰਮਿ੍ਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਅੰਦੇਸ਼ੀ ਸੋਚ ਅਨੁਸਾਰ ਕਿਸਾਨਾਂ ਨੂੰ ਉਭਰ ਰਹੀਆਂ ਤਕਨੀਕਾਂ ਤੇ ਵਿਹਾਰਕ ਖੇਤੀ ਨਵੀਨਤਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ''ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ'' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਇਸ ਉਪਰਾਲੇ ਨੇ 500 ਤੋਂ ਵੱਧ ਕਿਸਾਨਾਂ, ਖੋਜਕਰਤਾਵਾਂ, ਉਦਯੋਗ ਮਾਹਿਰਾਂ ਅਤੇ ਅਕਾਦਮਿਕ ਵਿਅਕਤੀਆਂ ਨੂੰ ਇਕ ਸਾਂਝੇ ਮੰਚ 'ਤੇ ਇਕੱਠਾ ਕੀਤਾ, ਜਿੱਥੇ ਤਕਨਾਲੋਜੀ ਆਧਾਰਿਤ ਖੇਤੀ ਹੱਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰੋ. (ਡਾ.) ਕਰਮਜੀਤ ਸਿੰਘ ਨੇ ਯੂਨੀਵਰਸਿਟੀਆਂ ਅਤੇ ਖੇਤੀ ਭਾਈਚਾਰੇ ਵਿਚਕਾਰ ਮਜ਼ਬੂਤ ਸਾਂਝ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਡਰੋਨ, ਆਈ. ਓ. ਟੀ., ਪਿ੍ਸੀਜ਼ਨ ਫਾਰਮਿੰਗ ਤੇ ਸਮਾਰਟ ਸਿੰਚਾਈ ਪ੍ਰਣਾਲੀਆਂ ਖੇਤੀ ਉਤਪਾਦਕਤਾ, ਟਿਕਾਊ ਵਿਕਾਸ ਤੇ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ | ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਤਹਿਤ ਇਲੈਕਟ੍ਰਾਨਿਕਸ ਟੈਕਨੋਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ ਅਤੇ ਐਗਰੀ ਲਾਈਵ ਇੰਟਰਨੈਸ਼ਨਲ ਟਰੇਡ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਹ ਵਰਕਸ਼ਾਪ ਪ੍ਰੋ. ਪ੍ਰਤਾਪ ਕੁਮਾਰ ਪਾਤੀ, ਕੋਆਰਡੀਨੇਟਰ ਦੀ ਅਗਵਾਈ ਹੇਠ ਕੀਤੀ ਗਈ | ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰੋ. (ਡਾ.) ਕਰਮਜੀਤ ਸਿੰਘ, ਨੇ ਕਿਹਾ ਕਿ ਤਕਨੀਕੀ ਤਰੱਕੀ ਦਾ ਅੰਤਿਮ ਉਦੇਸ਼ ਕਿਸਾਨਾਂ ਦੀ ਭਲਾਈ ਹੋਣਾ ਚਾਹੀਦਾ ਹੈ ਅਤੇ ਯੂਨੀਵਰਸਿਟੀਆਂ ਨੂੰ ਖੇਤੀ ਭਾਈਚਾਰੇ ਨਾਲ ਮਿਲ ਕੇ ਖੇਤੀ ਨਾਲ ਜੁੜੀਆਂ ਚੁਣੌਤੀਆਂ ਲਈ ਵਿਹਾਰਕ ਹੱਲ ਮੁਹੱਈਆ ਕਰਵਾਉਣੇ ਚਾਹੀਦੇ ਹਨ | ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਹਨ ਸਿੰਘ ਪੰਨੂ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਖੇਤੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਤਕਨੀਕ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਸਰਬਜੀਤ ਸਿੰਘ ਬਾਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਭਗਵੰਤ ਸਿੰਘ ਸਿਆਲਕਾ, ਮੈਂਬਰ ਸ਼੍ਰੋਮਣੀ ਕਮੇਟੀ ਵੀ ਹਾਜ਼ਰ ਸਨ | ਡਾ. ਰਾਜਦੀਪ ਸਿੰਘ ਸੋਹਲ, ਕੋਆਰਡੀਨੇਟਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਇਸ ਦੌਰਾਨ ਉਦਘਾਟਨੀ ਸੈਸ਼ਨ ਤੋਂ ਬਾਅਦ 'ਖੇਤੀ ਵਿਚ ਉੱਨਤ ਤਕਨੀਕਾਂ ਦੀ ਵਰਤੋਂ' ਵਿਸ਼ੇ 'ਤੇ ਪਹਿਲੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਡਾ. ਸੁਭਾਸ਼ ਚੰਦਰ ਮਹਾਂਤੀ, ਸੇਵਾਮੁਕਤ ਸੀਨੀਅਰ ਸਟੈਂਡਿੰਗ ਕੌਂਸਲ, ਰੈਵਨਿਊ ਵਿਭਾਗ, ਭਾਰਤ ਸਰਕਾਰ ਨੇ ਕੀਤੀ | ਇਸ ਸੈਸ਼ਨ 'ਚ ਡਾ. ਭੀਮ ਸਿੰਘ ਕਸਨੀਆ, ਗੁਰਬਿੰਦਰ ਸਿੰਘ ਬਾਜਵਾ, ਡਾ. ਅਲੋਕ ਦੁਬੇ, ਡਾ. ਕੇਸ਼ਵ ਗੁਪਤਾ ਅਤੇ ਡਾ. ਗੁਰਇਕਬਾਲ ਸਿੰਘ ਕਾਹਲੋਂ ਨੇ ਤਕਨੀਕ ਅਪਣਾਉਣ, ਨੀਤੀ ਸਹਿਯੋਗ ਅਤੇ ਟਿਕਾਊ ਖੇਤੀ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਨੀਰਜ ਧਵਨ, ਡਾ. ਬ੍ਰਜੇਸ਼ ਨਾਰੇ, ਪੁਨੀਤ ਗੁਪਤਾ, ਡਾ. ਸੁਖਵਿੰਦਰ ਸਿੰਘ, ਸਤਵੰਤ ਸਿੰਘ ਸੰਧੂ ਅਤੇ ਰਮਨਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ | ਵਰਕਸ਼ਾਪ ਦੀ ਇਕ ਵੱਡੀ ਖਿੱਚ ਸਵੈ-ਸਹਾਇਤਾ ਸਮੂਹਾਂ, ਸਟਾਰਟਅੱਪਸ ਤੇ ਉਦਯੋਗਿਕ ਭਾਗੀਦਾਰਾਂ ਵਲੋਂ ਨਵੀਨਤਮ ਉਤਪਾਦਾਂ ਅਤੇ ਤਕਨੀਕਾਂ ਦੀ ਪ੍ਰਦਰਸ਼ਨੀ ਰਹੀ | ਇਸ 'ਚ ਹੱਥ ਨਾਲ ਬਣੇ ਉਤਪਾਦ, ਪੌਧਾ ਆਧਾਰਿਤ ਉਤਪਾਦ, ਡਰੋਨ ਤਕਨਾਲੋਜੀ, ਮਿੱਟੀ ਦੀ ਨਮੀ ਮਾਪਣ ਵਾਲੇ ਸੈਂਸਰ ਆਧਾਰਿਤ ਹੱਲ, ਸਮਾਰਟ ਫਾਰਮਿੰਗ ਐਪਲੀਕੇਸ਼ਨ ਤੇ ਮੱਛੀ ਪਾਲਣ ਨਾਲ ਸਬੰਧਿਤ ਤਕਨੀਕੀ ਹੱਲ ਸ਼ਾਮਿਲ ਸਨ |

ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਉਪ ਤਹਿਸੀਲ ਖਨੌਰੀ ਤੇ ਐਸ ਡੀ ਓ ਦਫ਼ਤਰ ਮੂਹਰੇ ਦਿੱਤੇ ਜਾਣਗੇ ਧਰਨੇ ਅਗਲੀ ਖ਼ਬਰ ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਨੇ ਨਿਊਜੀਲੈਂਡ ਦੌਰੇ ਦੌਰਾਨ ਵੱਖ-ਵੱਖ ਕਾਲਜਾਂ ਦੇ ਡੈਲੀਗੇਟਾਂ ਨਾਲ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।