ਅੰਮਿ੍ਤਸਰ, 31 ਮਾਰਚ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ. ਟੀ. ਰੋਡ ਵਿਖੇ ਖ਼ਾਲਸਾ 'ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੀ ਅਗਵਾਈ ਹੇਠ ਖ਼ਾਲਸਾ ਗਲੋਬਲ ਰੀਚ ਫਾਊਾਡੇਸਨ (ਯੂ. ਐਸ. ਏ.) ਵਲੋਂ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਸਬੰਧੀ ਖ਼ਾਲਸਾ ਕਾਲਜ ਗਵ: ਕੌਂਸਲ ਦੇ ਸਹਿਯੋਗ ਨਾਲ ਉਲੀਕੇ '6ਵਾਂ ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ' ਦੀਆਂ ਤਿਆਰੀਆਂ ਸੰਬੰਧੀ ਇਕੱਤਰਤਾ ਕੀਤੀ ਗਈ | ਇਸ ਮੌਕੇ ਫ਼ਾਊਡੇਂਸਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਡਾ. ਕੁਮਾਰ ਤੇ ਹੋਰ ਸਟਾਫ਼ ਨਾਲ ਮਿਲ ਕੇ ਪੋਸਟਰ ਜਾਰੀ ਕਰਦਿਆਂ ਉਕਤ ਐਵਾਰਡ ਪ੍ਰੋਗਰਾਮ ਦਾ ਐਲਾਨ ਕੀਤਾ | ਡਾ. ਕੁਮਾਰ ਨੇ ਕਿਹਾ ਕਿ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰਹੀ ਉਕਤ ਸੰਸਥਾ ਵਲੋਂ ਮਹੱਤਵਪੂਰਨ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਸੰਬੰਧੀ ਉਪਰੋਕਤ ਟੀਚਰ ਐਵਾਰਡ ਸਮਾਗਮ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਉਕਤ ਐਵਾਰਡ ਲਈ ਈਮੇਲ ਰਾਹੀਂ ਅਰਜ਼ੀਆਂ ਲੈਣ ਦੀ ਆਖ਼ਰੀ ਮਿਤੀ 30 ਅਪ੍ਰੈਲ ਨਿਰਧਾਰਿਤ ਕੀਤੀ ਗਈ ਹੈ, ਜਦਕਿ ਇਸ ਸਬੰਧੀ ਦਸਤਾਵੇਜ਼ ਭੇਜਣ ਦੀ ਆਖ਼ਰੀ ਮਿਤੀ 15 ਮਈ ਹੈ, ਜਿਸ ਸਬੰਧੀ ਸਾਡੀ ਮੇਲ ਆਈਡੀ 'ਤੇ ਅਪਲਾਈ ਕਰ ਸਕਦੇ ਹਨ | ਡਾ. ਹੁਸ਼ਿਆਰ ਨਗਰ ਨੇ ਕਿਹਾ ਕਿ ਐਵਾਰਡ ਜੇਤੂਆਂ ਨੂੰ 1 ਲੱਖ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਦੇ ਚੈਕ ਇਨਾਮ ਵਜੋਂ ਦਿੱਤੇ ਜਾਣਗੇ | ਇਸ ਇਕੱਤਰਤਾ ਦੌਰਾਨ ਕਮੇਟੀ ਮੈਂਬਰ ਡਾ. ਨਿਰਮਲਜੀਤ ਕੌਰ, ਡਾ. ਗੁਰਜੀਤ ਕੌਰ, ਪ੍ਰੋ: ਰਾਜਵਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਹਰਸਿਮਰਨਜੀਤ ਕੌਰ ਸ਼ਾਮਿਲ ਸਨ |