ਅੰਮਿ੍ਤਸਰ, 31 ਮਾਰਚ (ਰੇਸ਼ਮ ਸਿੰਘ)-ਰਾਜ ਭਰ ਦੇ ਸਰਕਾਰੀ ਮੈਡੀਕਲ ਕਾਲਜ ਤੇ ਸੰਬੰਧਿਤ ਸਿਹਤ ਸੰਸਥਾਵਾਂ ਦੀਆਂ ਨਰਸਾਂ ਹੜਤਾਲ 'ਤੇ ਹਨ ਜਿਸ ਕਾਰਨ ਸਮੁੱਚੇ ਰਾਜ ਦੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਤੇ ਮਰੀਜ਼ਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਯੂਨਾਇਟਿਡ ਨਰਸਿਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਚੱਲ ਰਹੀ ਸਟਾਫ ਨਰਸਿਜ਼ ਦੀ 4600 ਗ੍ਰੇਡ ਪੇਅ ਦੀ ਮੰਗ ਨੂੰ ਲੈ ਕੇ ਸਮੂਹ ਨਰਸਿੰਗ ਕੈਡਰ ਵਲੋਂ ਸਰਕਾਰੀ ਮੈਡੀਕਲ ਕਾਲਜਾਂ 'ਚ ਚੱਲ ਰਿਹਾ ਧਰਨਾ ਅੱਜ ਛੇਵੇਂ ਦਿਨ 'ਚ ਦਾਖਲ ਹੋ ਗਿਆ ਹੈ | ਸੂਬਾ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਰਾਜ ਦੇ ਤਿੰਨੋਂ ਮੈਡੀਕਲ ਕਾਲਜਾਂ ਦੇ ਨਰਸਿੰਗ ਕੈਡਰ ਵਲੋਂ ਥਾਲੀਆਂ ਵਜਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਗਿਆ, ਨਰਸਿੰਗ ਕੈਡਰ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਥਾਲੀਆਂ ਦੀ ਗੂੰਜ ਸਰਕਾਰ ਤੱਕ ਪਹੁੰਚੇਗੀ ਅਤੇ ਸਰਕਾਰ ਸਮੂਹ ਨਰਸਿੰਗ ਕੈਡਰ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਜਲਦੀ ਕਦਮ ਚੁੱਕੇਗੀ | ਜ਼ਿਕਰਯੋਗ ਹੈ ਕਿ ਹੜਤਾਲ 'ਤੇ ਬੈਠੇ ਨਰਸਿੰਗ ਸਟਾਫ ਆਪਣੀ ਪਿਛਲੇ ਛੇ ਸਾਲਾਂ ਤੋਂ ਲਟਕ ਰਹੀ ਹੱਕੀ ਮੰਗ 4600 ਗ੍ਰੇਡ ਪੇਅ ਦੀ ਬਹਾਲੀ ਲਈ ਡਟੇ ਹੋਏ ਹਨ ਪਰ ਅਜੇ ਤੱਕ ਇਕ ਵਾਰ ਵੀ ਸਰਕਾਰ ਵਲੋਂ ਇਨ੍ਹਾਂ ਹੜਤਾਲੀ ਨਰਸਿੰਗ ਮੁਲਾਜ਼ਮਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲਿਖਤੀ ਜਾਂ ਜੁਬਾਨੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ | ਨਰਸਿੰਗ ਕੈਡਰ ਦਾ ਕਹਿਣਾ ਹੈ ਕਿ ਉਹ ਆਮ ਜਨਤਾ ਨੂੰ ਸਿਹਤ ਸੇਵਾਵਾਂ 'ਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਹੀਂ ਪੈਦਾ ਕਰਨਾ ਚਾਹੁੰਦੇ ਪਰ ਮਜਬੂਰੀ ਵਸ ਉਨ੍ਹਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਕੰਮ ਛੱਡ ਕੇ ਧਰਨੇ 'ਤੇ ਬੈਠਣਾ ਪੈ ਰਿਹਾ ਹੈ | ਜੇਕਰ ਆਉਣ ਵਾਲੇ 2-3 ਦਿਨਾਂ ਤੱਕ ਵੀ ਸਰਕਾਰ ਆਪਣੇ ਇਸ ਅੱੜੀਅਲ ਰਵੱਈਏ ਨੂੰ ਬਰਕਰਾਰ ਰੱਖਦੀ ਹੈ ਤਾਂ ਸੂਬਾ ਕੋਰ ਕਮੇਟੀ ਨਾਲ ਮੀਟਿੰਗ ਕਰਕੇ ਸਾਨੂੰ ਮਜਬੂਰਨ ਐਮਰਜੈਂਸੀ ਸੇਵਾਵਾਂ ਵੀ ਬੰਦ ਕਰਨੀਆਂ ਪੈਣਗੀਆਂ | ਅੱਜ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਗੁਰਜੀਤ ਘੱਗਾ ਨੇ ਧਰਨੇ ਵਿਚ ਸ਼ਿਰਕਤ ਕਰਦੇ ਹੋਏ ਨਰਸਿੰਗ ਕੈਡਰ ਨੂੰ ਆਪਣੀਆਂ ਮੰਗਾਂ 'ਤੇ ਡਟੇ ਰਹਿਣ ਲਈ ਪ੍ਰੇਰਿਤ ਕੀਤਾ | ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੂਰੇ ਹੌਸਲੇ ਨਾਲ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ |