ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲੂਮਨੀ ਜਸਪ੍ਰੀਤ ਸਿੰਘ, ਜੋ ਅਮਰੀਕਾ 'ਚ ਐਟਾਰਨੀ ਐਟ ਲਾ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਵਾਸ਼ਿੰਗਟਨ ਡੀ. ਸੀ. 'ਚ ਹੋਏ ਇਕ ਅੰਤਰਰਾਸ਼ਟਰੀ ਸਮਾਰੋਹ ਦੌਰਾਨ ਪ੍ਰਸਿੱਧ ਬਰਜ ਗਲੋਬਲ ਪਾਵਰ 100 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਬਰਜ ਗਲੋਬਲ ਪਾਵਰ 100 ਪਲੇਟਫਾਰਮ ਦੁਨੀਆ ਭਰ ਦੇ ਉਨ੍ਹਾਂ ਵਿਅਕਤੀਆਂ ਨੂੰ ਮਾਨਤਾ ਦਿੰਦਾ ਹੈ, ਜਿਨ੍ਹਾਂ ਨੇ ਕਾਰੋਬਾਰ, ਅਗਵਾਈ, ਨਵੀਨਤਾ ਅਤੇ ਸਮਾਜ ਸੇਵਾ ਵਰਗੇ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਪਾਇਆ ਹੈ | ਜਸਪ੍ਰੀਤ ਸਿੰਘ ਨੂੰ ਕਾਨੂੰਨੀ ਪੇਸ਼ੇ 'ਚ ਉਨ੍ਹਾਂ ਦੀ ਉਪਲਬੱਧੀਆਂ ਅਤੇ ਉੱਚ ਕੋਟੀ ਦੀ ਅਗਵਾਈ ਲਈ ਇਹ ਸਨਮਾਨ ਪ੍ਰਦਾਨ ਕੀਤਾ ਗਿਆ | ਇਸ ਐਵਾਰਡ ਸਮਾਰੋਹ 'ਚ ਦੁਨੀਆ ਭਰ ਤੋਂ ਪ੍ਰਸਿੱਧ ਕਾਰੋਬਾਰੀ ਆਗੂ, ਪ੍ਰੋਫੈਸ਼ਨਲ ਅਤੇ ਬਦਲਾਅ ਲਿਆਉਣ ਵਾਲੇ ਵਿਅਕਤੀ ਸ਼ਾਮਲ ਹੋਏ, ਜਿਸ ਨਾਲ ਇਹ ਇਕ ਮਹੱਤਵਪੂਰਨ ਅੰਤਰਰਾਸ਼ਟਰੀ ਮੰਚ ਬਣਿਆ | ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਜਸਪ੍ਰੀਤ ਸਿੰਘ ਨੂੰ ਇਸ ਮਹੱਤਵਪੂਰਨ ਉਪਲਬੱਧੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਤੇ ਯੂਨੀਵਰਸਿਟੀ ਨੂੰ ਮਾਣ ਹੈ | ਇਸ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ ਪੱਧਰ 'ਤੇ ਪਹਿਚਾਣ ਬਣਦੀ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਅਜਿਹਾ ਹੁਨਰ ਤਿਆਰ ਕਰ ਰਹੀ ਹੈ, ਜੋ ਅੰਤਰਰਾਸ਼ਟਰੀ ਪੱਧਰ 'ਤੇ ਕਾਮਯਾਬੀ ਹਾਸਿਲ ਕਰਦਾ ਹੈ | ਜਸਪ੍ਰੀਤ ਸਿੰਘ ਦੀ ਇਹ ਕਾਮਯਾਬੀ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਲਈ ਪ੍ਰੇਰਣਾ ਦਾ ਸਰੋਤ ਹੈ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰਦਾਨ ਕੀਤੀ ਮਜ਼ਬੂਤ ਅਕਾਦਮਿਕ ਬੁਨਿਆਦ ਅਤੇ ਮੁੱਲ ਅਧਾਰਿਤ ਸਿੱਖਿਆ ਨੂੰ ਦਰਸਾਉਂਦੀ ਹੈ |