ਅੰਮਿ੍ਤਸਰ, 26 ਮਾਰਚ (ਹਰਮਿੰਦਰ ਸਿੰਘ)-ਉੱਘੇ ਲੇਖਕ ਅਤੇ ਸਫਲ ਕਾਰੋਬਾਰੀ ਮੰਗਾ ਬਾਸੀ ਦੇ ਦਿਹਾਂਤ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਡੂੰਘਾ ਦੁੱਖ ਪ੍ਰਗਟਾਇਆ ਗਿਆ ਹੈ | ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਮੰਗਾ ਬਾਸੀ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ | ਕੇਂਦਰੀ ਸਭਾ ਦੇ ਅਹੁਦੇਦਾਰ ਸ਼ੈਲਿੰਦਰਜੀਤ ਰਾਜਨ, ਸੁਰਿੰਦਰਪ੍ਰੀਤ ਘਣੀਆ, ਦਲਜੀਤ ਸਿੰਘ ਸਾਹੀ, ਬਲਵਿੰਦਰ ਸੰਧੂ, ਭੁਪਿੰਦਰ ਪ੍ਰੀਤ, ਮਨਜੀਤ ਇੰਦਰਾ, ਡਾ. ਸ਼ਿੰਦਰਪਾਲ ਸਿੰਘ, ਡਾ. ਕਰਮਜੀਤ ਸਿੰਘ ਅਤੇ ਯਾਤਿੰਦਰ ਮਾਹਲ ਨੇ ਕਿਹਾ ਕਿ ਮੰਗਾ ਬਾਸੀ ਨੇ ਆਪਣੀਆਂ ਲਿਖਤਾਂ ਰਾਹੀਂ ਮਨੁੱਖੀ ਸੰਵੇਦਨਾਵਾਂ ਨੂੰ ਡੂੰਘਾਈ ਨਾਲ ਪ੍ਰਗਟਾਇਆ ਅਤੇ ਉਹ ਇੱਕ ਸੰਵੇਦਨਸ਼ੀਲ ਤੇ ਸਮਰਪਿਤ ਲੇਖਕ ਵਜੋਂ ਹਮੇਸ਼ਾਂ ਯਾਦ ਰਹਿਣਗੇ | ਜ਼ਿਕਰਯੋਗ ਹੈ ਕਿ 73 ਸਾਲਾ ਮੰਗਾ ਬਾਸੀ ਪਿਛਲੇ ਦਿਨੀਂ ਕੈਨੇਡਾ ਦੇ ਕੈਮਲੂਪਸ ਸਥਿਤ ਰੋਇਲ ਇਨਲੈਂਡ ਹਸਪਤਾਲ ਵਿਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਖ਼ਰੀ ਸਾਹ ਲਿਆ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਕੈਨੇਡਾ ਅਤੇ ਪੰਜਾਬ ਦੇ ਸਾਹਿਤਕ ਗਲਿਆਰਿਆਂ ਵਿਚ ਡੂੰਘਾ ਸੋਗ ਪਸਰ ਗਿਆ ਹੈ |