ਅੰਮਿ੍ਤਸਰ, 25 ਮਾਰਚ (ਰੇਸ਼ਮ ਸਿੰਘ)-ਕੌਮਾਂਤਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ 'ਤੇ ਫੋਰਟਿਸ ਐਸਕਾਰਟ ਹਸਪਤਾਲ ਦੇ ਸੀਨੀ: ਡਾਕਟਰਾਂ ਖ਼ਿਲਾਫ਼ ਪੁਲਿਸ ਵਲੋਂ ਦਰਜ ਕੀਤੇ ਪਰਚੇ ਨੂੰ ਇਕ ਤਰਫਾ ਕਾਰਵਾਈ ਦੱਸਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਤਰਾਜ ਜਤਾਇਆ ਹੈ | ਐਸੋਸੀਏਸ਼ਨ ਦੇ ਪ੍ਰਧਾਨ ਡਾ. ਆਰ. ਐੱਸ. ਸੇਠੀ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਦੌਰਾਨ ਆਈ. ਐੱਮ. ਏ. ਦੇ ਪ੍ਰਤੀਨਿਧੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜੋ ਕਿ ਨਿਰਧਾਰਤ ਨਿਯਮਾਂ ਦੇ ਵਿਰੁੱਧ ਹੈ | ਫੋਰਟਿਸ ਹਸਪਤਾਲ ਦੇ ਚਾਰ ਡਾਕਟਰਾਂ ਵਿਰੁੱਧ ਕੇਸ ਦਰਜ ਕਰਨ ਤੋਂ ਪਹਿਲਾਂ ਆਈ. ਐੱਮ. ਏ. ਨਾਲ ਪੁਲਿਸ ਨੇ ਇਕ ਵਾਰ ਸਲਾਹ-ਮਸ਼ਵਰਾ ਕਰਨਾ ਵੀ ਵਾਜ਼ਬ ਨਹੀਂ ਸਮਝਿਆ | ਉਨ੍ਹਾਂ ਕਿਹਾ ਕਿ ਇਹ ਵਿਵਸਥਾ ਦੀ ਲਾਪ੍ਰਵਾਹੀ ਹੈ ਅਤੇ ਜਾਂਚ ਪ੍ਰਕਿਰਿਆ ਐਸੋਸੀਏਸ਼ਨ ਦੇ ਪ੍ਰਤੀਨਿਧੀ ਨੂੰ ਬਾਹਰ ਰੱਖਣ ਨਾਲ ਜਾਂਚ ਦੀ ਨਿਰਪੱਖਤਾ 'ਤੇ ਸਵਾਲ ਉੱਠਦੇ ਹਨ | ਭਾਵੇਂ ਡਾਕਟਰੀ ਲਾਪ੍ਰਵਾਹੀ ਦੇ ਮਾਮਲਿਆਂ ਦੀ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇਕ ਵੱਡਾ ਕਦਮ ਚੁੱਕਿਆ ਹੈ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਲਾਪ੍ਰਵਾਹੀ ਲਈ ਇਕ ਜ਼ਿਲ੍ਹਾ ਮੈਡੀਕਲ ਬੋਰਡ ਸਥਾਪਤ ਕੀਤਾ ਜਾਵੇਗਾ ਜਿਸ 'ਚ ਐਸੋਸੀਏਸ਼ਨ ਦੇ ਮੈਂਬਰ ਦਾ ਸ਼ਾਮਿਲ ਕੀਤੇ ਜਾਣਾ ਲਾਜਮੀਂ ਵੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ 'ਚ ਇਕ ਮੈਂਬਰ ਸ਼ਾਮਿਲ ਕਰਕੇ ਮਾਮਲੇ ਦੀ ਜਾਂਚ ਕਰਕੇ ਇਨਸਾਫ ਕਰਨਾ ਚਾਹੀਦਾ ਹੈ |