ਅੰਮਿ੍ਤਸਰ, 21 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ ਮੁਕਤ ਗੈਰ ਅਧਿਆਪਨ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸੰਬੰਧਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਥੇਬੰਦਕ ਢਾਂਚੇ ਦਾ ਅੱਜ ਗਠਨ ਕੀਤਾ ਗਿਆ | ਜੀਐੱਨਡੀਯੂ ਕੈਂਪਸ ਵਿਖੇ ਸਥਿਤ ਬਾਬਾ ਬੁੱਢਾ ਸਾਹਿਬ ਭਵਨ ਵਿਖੇ ਕੀਤੇ ਗਏ ਪ੍ਰਭਾਵਸ਼ਾਲੀ ਇਕੱਠ 'ਚ ਸੇਵਾ ਮੁਕਤ ਮਹਿਲਾ ਪੁਰਸ਼ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਦੌਰਾਨ ਸਰਬ ਸੰਮਤੀ ਦੇ ਨਾਲ ਸੁਰਜੀਤ ਸਿੰਘ ਚੋਲੀਆ ਨੂੰ ਪ੍ਰਧਾਨ, ਐੱਸ. ਪੀ. ਸੇਠੀ ਨੂੰ ਜਰਨਲ ਸਕੱਤਰ ਤੇ ਹਰਦੀਪ ਸਿੰਘ ਬਸਰਾ ਨੂੰ ਖ਼ਜ਼ਾਨਚੀ ਚੁਣਿਆ ਗਿਆ ਹੈ | ਬਾਕੀ ਦੇ ਅਹੁਦੇਦਾਰਾਂ ਦੀ ਚੋਣ ਬਾਅਦ 'ਚ ਕੀਤੀ ਜਾਵੇਗੀ | ਇਸ ਸਮੇਂ ਐਸੋਸੀਏਸ਼ਨ ਦੀਆਂ ਭਵਿੱਖ ਦੀਆਂ ਗਤੀਵਿਧੀਆਂ ਨੂੰ ਲੈ ਕੇ ਰਣਨੀਤੀ ਵੀ ਤੈਅ ਕਰਨ ਦੇ ਨਾਲ ਨਾਲ ਐਸੋ: ਦੇ ਅਧਿਕਾਰਤ ਤੇ ਕਾਰਜ ਖੇਤਰ ਨੂੰ ਲੈ ਕੇ ਸਮੀਖਿਆ 'ਤੇ ਨਜ਼ਰਸਾਨੀ ਕੀਤੀ ਗਈ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸਕੱਤਰ ਅਤੇ ਸੇਵਾ ਮੁਕਤ ਅਧਿਕਾਰੀ ਬਲਵੀਰ ਸਿੰਘ ਗਰਚਾ ਨੇ ਸਮੁੱਚੀਆਂ ਹਮਖਿਆਲੀ ਜਥੇਬੰਦੀਆਂ ਤੇ ਸੰਗਠਨਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੇਵਾ ਮੁਕਤ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਹਾਅ ਦਾ ਨਾਅਰਾ ਮਾਰਨ ਦਾ ਸੁਨੇਹਾ ਦਿੱਤਾ | ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਤੇ ਨਾਨ ਟੀਚਿੰਗ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਨਵੀਂ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦਾ ਸਮਰਥਨ, ਹਮਾਇਤ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਨਵ-ਨਿਯੁਕਤ ਪ੍ਰਧਾਨ ਸੁਰਜੀਤ ਸਿੰਘ ਚੋਲੀਆ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ 'ਤੇ ਰੌਸ਼ਨੀ ਪਾਈ ਤੇ ਜਨਰਲ ਸਕੱਤਰ ਐਸਪੀ ਸੇਠੀ ਨੇ ਸਭ ਦਾ ਧੰਨਵਾਦ ਕੀਤਾ |