ਜ਼ਿਲ੍ਹਾ ਪੱਧਰੀ ਸ਼ਹੀਦੀ (ਸਮ੍ਰਿਤੀ) ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਪੁਲਿਸ ਲਾਈਨਜ਼ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਪੁਲਿਸ ਸ਼ਹੀਦੀ (ਸਮ੍ਰਿਤੀ) ਦਿਵਸ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਜੁਡੀਸ਼ਰੀ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਪੁਲਿਸ ਲਾਈਨਜ਼ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਪੁਲਿਸ ਸ਼ਹੀਦੀ (ਸਮ੍ਰਿਤੀ) ਦਿਵਸ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਜੁਡੀਸ਼ਰੀ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਵਿਚ ਐੱਸ.ਐੱਸ.ਪੀ. ਫ਼ਾਜ਼ਿਲਕਾ ਗਗਨ ਅਜੀਤ ਸਿੰਘ, ਐੱਸ.ਡੀ.ਐਮ. ਫ਼ਾਜ਼ਿਲਕਾ ਜੁਗਰਾਜ ਸਿੰਘ ਤੇ ਜੁਡੀਸ਼ਰੀ ਦੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਦੌਰਾਨ ਡੀ.ਐੱਸ.ਪੀ. ਸਬ-ਡਵੀਜ਼ਨ ਅਬੋਹਰ ਸ਼ਹਿਰੀ ਹਰੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵਲੋਂ ਸ਼ਹੀਦ ਜਵਾਨਾਂ ਨੂੰ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਸਮੂਹ ਅਧਿਕਾਰੀਆਂ ਤੇ ਮਹਿਮਾਨਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਧਿਆਇਆ ਗਿਆ। ਡੀ.ਐੱਸ.ਪੀ. ਲਵਦੀਪ ਸਿੰਘ ਗਿੱਲ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਬਲਾਂ ਵਿਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਮਹਾਨ ਜਵਾਨਾਂ ਦੇ ਨਾਂਅ ਪੜ੍ਹ ਕੇ ਸੁਣਾਏ। ਸਮਾਗਮ ਦੇ ਅੰਤ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਐੱਸ.ਐੱਸ.ਪੀ.ਨੇ ਸ਼ਹੀਦੀ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਲਦਾਖ਼ ਦੇ ਹਾਟ ਸਪਰਿੰਗ ਵਿਖੇ ਚੀਨੀ ਫ਼ੌਜ ਵਲੋਂ ਕੀਤੇ ਗਏ ਅਚਾਨਕ ਹਮਲੇ ਦੌਰਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਡੀ.ਐੱਸ.ਪੀ. ਸਮੇਤ 10 ਪੁਲਿਸ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿਚ 21 ਅਕਤੂਬਰ 1960 ਤੋਂ ਲਗਾਤਾਰ ਦੇਸ਼ ਭਰ ਵਿਚ ਇਹ ਦਿਵਸ ਮਨਾਇਆ ਜਾਂਦਾ ਹੈ। ਸਮਾਗਮ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਸ਼ਹੀਦ ਪਰਿਵਾਰਾਂ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਤੇ ਸਮੱਸਿਆਵਾਂ ਸੁਣੀਆਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਤੇ ਫ਼ਾਜ਼ਿਲਕਾ ਪੁਲਿਸ ਹਰ ਮੋੜ ’ਤੇ ਸ਼ਹੀਦ ਪਰਿਵਾਰਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।