ਮੁੱਖ ਮੰਤਰੀ ਵਲੋਂ ਸ਼ਰਾਬ ਫੈਕਟਰੀ ਸੰਬੰਧੀ ਧਾਰੀ ਚੁੱਪ ’ਤੇ ਸਾਂਝਾ ਮੋਰਚਾ ਵਲੋਂ ਤਿੱਖੀ ਨਾਰਾਜ਼ਗੀ
ਜ਼ੀਰਾ, 7 ਸਤੰਬਰ (ਪ੍ਰਤਾਪ ਸਿੰਘ ਹੀਰਾ)- ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਵਿਵਾਦਤ ਸ਼ਰਾਬ ਫੈਕਟਰੀ ਸਬੰਧੀ ਬੀਤੇ ਦਿਨ ਜ਼ੀਰਾ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੋਈ ਜ਼ਿਕਰ ਨਾ ਕੀਤੇ ਜਾਣ ’ਤੇ ਸਾਂਝਾ ਮੋਰਚਾ ਦੇ ਆਗੂਆਂ ਨੇ ਸਖ਼ਤ ਨਿਖੇਧੀ ਕਰਦਿਆਂ ਗਹਿਰੀ ਨਾਰਾਜ਼ਗੀ ਜਤਾਈ ਹੈ। ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਫਤਿਹ ਸਿੰਘ ਰਟੌਲ, ਦੀਪ ਸਨੇਰ, ਜਗਤਾਰ ਸਿੰਘ ਲੌਂਗੋਦੇਵਾ, ਰਘਬੀਰ ਸਿੰਘ ਸਨੇਰ, ਗੁਰਮੇਲ ਸਿੰਘ (ਸਰਪੰਚ ਮਨਸੂਰਵਾਲ ਕਲਾਂ), ਗੁਰਜੰਟ ਸਿੰਘ ਰਟੋਲ ਰੋਹੀ, ਸੇਵਕ ਸਿੰਘ (ਨੰਬਰਦਾਰ ਮਹੀਆਂ ਵਾਲਾ ਕਲਾਂ) ਤੇ ਬੱਬੂ ਸੇਖਵਾਂ ਨੇ ਕਿਹਾ ਕਿ ਜ਼ੀਰਾ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਇਸ ਫੈਕਟਰੀ ਕਾਰਨ ਪੈਦਾ ਹੋਏ ਪ੍ਰਦੂਸ਼ਣ ਦਾ ਸੰਤਾਪ ਝੱਲ ਰਹੇ ਹਨ।
ਜ਼ੀਰਾ, 7 ਸਤੰਬਰ (ਪ੍ਰਤਾਪ ਸਿੰਘ ਹੀਰਾ)- ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਵਿਵਾਦਤ ਸ਼ਰਾਬ ਫੈਕਟਰੀ ਸਬੰਧੀ ਬੀਤੇ ਦਿਨ ਜ਼ੀਰਾ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੋਈ ਜ਼ਿਕਰ ਨਾ ਕੀਤੇ ਜਾਣ ’ਤੇ ਸਾਂਝਾ ਮੋਰਚਾ ਦੇ ਆਗੂਆਂ ਨੇ ਸਖ਼ਤ ਨਿਖੇਧੀ ਕਰਦਿਆਂ ਗਹਿਰੀ ਨਾਰਾਜ਼ਗੀ ਜਤਾਈ ਹੈ। ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਫਤਿਹ ਸਿੰਘ ਰਟੌਲ, ਦੀਪ ਸਨੇਰ, ਜਗਤਾਰ ਸਿੰਘ ਲੌਂਗੋਦੇਵਾ, ਰਘਬੀਰ ਸਿੰਘ ਸਨੇਰ, ਗੁਰਮੇਲ ਸਿੰਘ (ਸਰਪੰਚ ਮਨਸੂਰਵਾਲ ਕਲਾਂ), ਗੁਰਜੰਟ ਸਿੰਘ ਰਟੋਲ ਰੋਹੀ, ਸੇਵਕ ਸਿੰਘ (ਨੰਬਰਦਾਰ ਮਹੀਆਂ ਵਾਲਾ ਕਲਾਂ) ਤੇ ਬੱਬੂ ਸੇਖਵਾਂ ਨੇ ਕਿਹਾ ਕਿ ਜ਼ੀਰਾ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਇਸ ਫੈਕਟਰੀ ਕਾਰਨ ਪੈਦਾ ਹੋਏ ਪ੍ਰਦੂਸ਼ਣ ਦਾ ਸੰਤਾਪ ਝੱਲ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਫੈਕਟਰੀ ਪ੍ਰਬੰਧਕਾਂ ਵਲੋਂ ਜ਼ਹਿਰੀਲਾ ਰਸਾਇਣਕ ਪਾਣੀ ਬੋਰ ਕਰ ਕੇ ਧਰਤੀ ਹੇਠ ਉਤਾਰਿਆ ਗਿਆ ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਾ ਹੈ। ਇਸ ਗੰਧਲੇ ਪਾਣੀ ਕਾਰਨ ਇਲਾਕੇ ’ਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਤੇ ਵੱਡੀ ਗਿਣਤੀ ਵਿਚ ਮਨੁੱਖੀ ਜਾਨਾਂ ਤੇ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਪਿਛਲੇ ਕਰੀਬ ਚਾਰ ਸਾਲਾਂ ਤੋਂ ਸਾਂਝਾ ਮੋਰਚਾ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਜ਼ੁਬਾਨੀ ਹੁਕਮਾਂ ਨਾਲ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਅੱਜ ਤੱਕ ਇਸ ਨੂੰ ਪੱਕੇ ਤੌਰ ’ਤੇ ਬੰਦ ਕਰਨ ਸੰਬੰਧੀ ਕੋਈ ਲਿਖਤੀ ਆਰਡੀਨੈਂਸ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਪੂਰੀ ਆਸ ਸੀ ਕਿ ਮੁੱਖ ਮੰਤਰੀ ਜ਼ੀਰਾ ਆਉਣ ’ਤੇ ਇਸ ਗੰਭੀਰ ਮਸਲੇ ’ਤੇ ਕੋਈ ਠੋਸ ਫ਼ੈਸਲਾ ਸੁਣਾਉਣਗੇ ਪਰ ਉਨ੍ਹਾਂ ਨੇ ਫੈਕਟਰੀ ਖ਼ਿਲਾਫ਼ ਇਕ ਵੀ ਸ਼ਬਦ ਨਾ ਬੋਲ ਕੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਖ਼ਰਚਾ ਕਰਕੇ ਦਿੱਲੀ ਵਿਖੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਕਾਨੂੰਨੀ ਲੜਾਈ ਲੜ ਰਹੇ ਹਨ ਜਿੱਥੇ ਉਨ੍ਹਾਂ ਨੂੰ ਵਾਰ-ਵਾਰ ਪੇਸ਼ੀਆਂ ਭੁਗਤਣੀਆਂ ਪੈ ਰਹੀਆਂ ਹਨ। ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਲਈ ਤੁਰੰਤ ਕਾਨੂੰਨੀ ਆਰਡੀਨੈਂਸ ਜਾਰੀ ਕੀਤਾ ਜਾਵੇ। ਫੈਕਟਰੀ ਵਾਲੀ ਥਾਂ ’ਤੇ ਕਿਸਾਨੀ ਤੇ ਵਾਤਾਵਰਨ ਪੱਖੀ ਪ੍ਰਦੂਸ਼ਣ-ਮੁਕਤ ਉਦਯੋਗਿਕ ਪ੍ਰੋਜੈਕਟ ਸਥਾਪਿਤ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨਾਂ ਨੂੰ ਸਾਫ਼-ਸੁਥਰਾ ਰੁਜ਼ਗਾਰ ਮਿਲ ਸਕੇ।