ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਪੀ.ਐੱਸ.ਐੱਸ.ਐੱਸ.ਬੀ. ਗਰੁੱਪ-ਸੀ ਦੀਆਂ ਅਸਾਮੀਆਂ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਰੁਜ਼ਗਾਰ ਦਫ਼ਤਰ ਫ਼ਾਜ਼ਿਲਕਾ ਦੇ ਪਲੇਸਮੈਂਟ ਅਫ਼ਸਰ ਰਾਜ ਸਿੰਘ ਅਤੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਦੇ ਕੈਂਪ ਟਰੇਨਿੰਗ ਅਫ਼ਸਰ ਕੈਪਟਨ (ਸੇਵਾ ਮੁਕਤ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਪੰਜਾਬ ਸਬੌਰਡੀਨੇਟ ਸਰਵਿਸਿਜ਼ ਸਿਲੈੱਕਸ਼ਨ ਬੋਰਡ ਦੀਆਂ ਗਰੁੱਪ-ਸੀ ਦੀਆਂ ਅਸਾਮੀਆਂ ਲਈ ਮੁਫ਼ਤ ਤਿਆਰੀ ਕੈਂਪ ਸ਼ੁਰੂ ਕੀਤਾ ਗਿਆ ਹੈ। ਇਹ ਤਿਆਰੀ ਤਜਰਬੇਕਾਰ ਅਧਿਆਪਕਾਂ ਵਲੋਂ ਕਰਵਾਈ ਜਾ ਰਹੀ ਹੈ।
ਫ਼ਾਜ਼ਿਲਕਾ, 25 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਰੁਜ਼ਗਾਰ ਦਫ਼ਤਰ ਫ਼ਾਜ਼ਿਲਕਾ ਦੇ ਪਲੇਸਮੈਂਟ ਅਫ਼ਸਰ ਰਾਜ ਸਿੰਘ ਅਤੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਦੇ ਕੈਂਪ ਟਰੇਨਿੰਗ ਅਫ਼ਸਰ ਕੈਪਟਨ (ਸੇਵਾ ਮੁਕਤ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਪੰਜਾਬ ਸਬੌਰਡੀਨੇਟ ਸਰਵਿਸਿਜ਼ ਸਿਲੈੱਕਸ਼ਨ ਬੋਰਡ ਦੀਆਂ ਗਰੁੱਪ-ਸੀ ਦੀਆਂ ਅਸਾਮੀਆਂ ਲਈ ਮੁਫ਼ਤ ਤਿਆਰੀ ਕੈਂਪ ਸ਼ੁਰੂ ਕੀਤਾ ਗਿਆ ਹੈ। ਇਹ ਤਿਆਰੀ ਤਜਰਬੇਕਾਰ ਅਧਿਆਪਕਾਂ ਵਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੇ ਜਿਨ੍ਹਾਂ ਨੌਜਵਾਨਾਂ ਨੇ ਪੀ.ਐੱਸ.ਐੱਸ.ਐੱਸ.ਬੀ. ਦੀਆਂ ਗਰੁੱਪ-ਸੀ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਹੈ ਅਤੇ ਉਹ ਇਨ੍ਹਾਂ ਅਸਾਮੀਆਂ ਦੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਦਾਖਲਾ ਲੈ ਕੇ ਮੁਫ਼ਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਇਹ ਕੈਂਪ ਕੇਵਲ ਲੜਕਿਆਂ ਲਈ ਹੈ। ਉਨ੍ਹਾਂ ਦੱਸਿਆ ਕਿ ਇੱਛੁਕ ਨੌਜਵਾਨ ਸਵੇਰੇ 9:00 ਵਜੇ ਤੋਂ 11:30 ਵਜੇ ਤੱਕ ਕੈਂਪ ਵਿਚ ਪਹੁੰਚ ਕੇ ਆਪਣਾ ਐਡਮਿਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਪ ਵਿਚ ਦਾਖ਼ਲੇ ਸਮੇਂ ਨੌਜਵਾਨ ਆਪਣੇ ਨਾਲ ਆਨਲਾਈਨ ਰਜਿਸਟਰੇਸ਼ਨ ਦੀ ਇਕ ਕਾਪੀ, ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫ਼ੋਟੋ ਸਟੇਟ ਕਾਪੀ, ਦਸਵੀਂ ਤੋਂ ਇਲਾਵਾ ਕੀਤੀ ਗਈ ਪੜ੍ਹਾਈ ਦੇ ਸਰਟੀਫਿਕੇਟਾਂ ਦੀਆਂ ਫੋਟੋ ਸਟੇਟ ਕਾਪੀਆਂ, ਪੰਜਾਬ ਵਸਨੀਕ ਸਰਟੀਫਿਕੇਟ ਦੀ ਫ਼ੋਟੋ ਸਟੇਟ ਕਾਪੀ, ਜਾਤੀ ਸਰਟੀਫਿਕੇਟ ਦੀ ਫ਼ੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫ਼ੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫ਼ੋਟੋ ਸਟੇਟ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਜ਼ਰੂਰ ਲੈ ਕੇ ਆਉਣ। ਇਸ ਤੋਂ ਇਲਾਵਾ ਇੱਕ ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਵੀ ਨਾਲ ਲਿਆਉਣ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਪੰਜਾਬ ਸਰਕਾਰ ਦਾ ਅਦਾਰਾ ਹੈ। ਕੈਂਪ ਵਿਚ ਰਹਿਣ ਸਮੇਂ ਸਿੱਖਿਆਰਥੀਆਂ ਨੂੰ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਅਤੇ ਪੀ.ਐੱਸ.ਐੱਸ.ਐੱਸ.ਬੀ ਗਰੁੱਪ - ਸੀ ਦੀਆਂ ਅਸਾਮੀਆਂ ਦੀ ਤਿਆਰੀ ਲਈ ਕਿਸੇ ਵੀ ਕਿਸਮ ਦੀ ਕੋਈ ਫ਼ੀਸ ਨਹੀਂ ਲਈ ਜਾਵੇਗੀ। ਉਨ੍ਹਾਂ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਰਕਾਰੀ ਨੌਕਰੀ ਦੀ ਪ੍ਰਤੀਯੋਗੀ ਪ੍ਰੀਖਿਆ ਲਈ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ।