07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਨਸ਼ਾ ਤਸਕਰ ਨੇ ਨਾਬਾਲਗ ਬੱਚਿਆਂ ਨੂੰ ਖੁਆਏ ਨਸ਼ੀਲੇ ਕੈਪਸੂਲ

ਅਜੀਤ ਡੈਸਕ 20-07-2026
ਅਬੋਹਰ, 19 ਜੁਲਾਈ (ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਨਿਹਾਲ ਖੇੜਾ ਵਿਚ ਨਸ਼ਾ ਤਸਕਰਾਂ ਵਲੋਂ ਚਾਰ ਨਾਬਾਲਗ ਬੱਚਿਆਂ ਨੂੰ ਬਹਿਲਾ-ਫੁਸਲਾ ਕੇ ਪਾਬੰਦੀ ਸ਼ੁਦਾ ‘ਪ੍ਰੈਗਾਬਾਲਿਨ’ ਕੈਪਸੂਲ ਖੁਆਉਣ ਦਾ ਇਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਨਸ਼ੀਲੇ ਕੈਪਸੂਲ ਖਾਣ ਕਾਰਨ ਬੱਚਿਆਂ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਦੂਜੇ ਪਾਸੇ ਪੀੜਤ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ 12, 13, 14 ਅਤੇ 15 ਸਾਲ ਦੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਬੱਚੇ ਪਿੰਡ ਵਿਚ ਹੀ ਹੋ ਰਹੇ ਮਾਤਾ ਦੇ ਜਾਗਰਨ ਵਿਚ ਗਏ ਹੋਏ ਸਨ। ਬੱਚਿਆਂ ਮੁਤਾਬਿਕ ਉੱਥੇ ਪਿੰਡ ਦਾ ਹੀ ਇਕ ਨਸ਼ੇੜੀ ਕਿਸਮ ਦਾ ਨੌਜਵਾਨ ਆਇਆ, ਜੋ ਨਸ਼ਾ ਤਸਕਰੀ ਦਾ ਧੰਦਾ ਵੀ ਕਰਦਾ ਹੈ। ਉਸ ਨੇ ਇਕ ਬੱਚੇ ਨੂੰ ਪ੍ਰੈਗਾਬਾਲਿਨ ਦੇ ਕੈਪਸੂਲ ਦਿੰਦਿਆਂ ਕਿਹਾ ਕਿ ਉਹ ਇਹ ਇਕ-ਇਕ ਕੈਪਸੂਲ ਖਾ ਲੈਣ, ਇਸ ਨਾਲ ਉਨ੍ਹਾਂ ਨੂੰ ਜਾਗਰਨ ਦੌਰਾਨ ਨੀਂਦ ਨਹੀਂ ਆਵੇਗੀ। ਤਸਕਰ ਦੀਆਂ ਗੱਲਾਂ ਵਿਚ ਆ ਕੇ ਬੱਚਿਆਂ ਨੇ ਉਸ ਨਸ਼ੀਲੇ ਪੱਤੇ ਵਿਚੋਂ ਇਕ-ਇਕ ਕੈਪਸੂਲ ਖਾ ਲਿਆ। ਜਦੋਂ ਬੱਚਿਆਂ ਨੂੰ ਥੋੜ੍ਹਾ ਨਸ਼ਾ ਚੜ੍ਹਿਆ ਤਾਂ ਬੱਚਿਆਂ ਨੇ ਉਸ ਨੌਜਵਾਨ ਕੋਲੋਂ ਇਕ-ਇਕ ਕੈਪਸੂਲ ਹੋਰ ਲੈ ਕੇ ਖਾ ਲਿਆ। ਇਸ ਓਵਰ ਡੋਜ਼ ਕਾਰਨ ਬੱਚਿਆਂ ਦੀ ਸਿਹਤ ਲਗਾਤਾਰ ਵਿਗੜਨ ਲੱਗੀ। ਅੱਜ ਤੜਕਸਾਰ ਪਰਿਵਾਰਕ ਮੈਂਬਰਾਂ ਨੇ ਤੁਰੰਤ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ। ਚਾਰ ਨਾਬਾਲਗਾਂ ਵਿਚੋਂ ਇਕ ਬੱਚੇ ਦਾ ਇਲਾਜ ਪਿੰਡ ਵਿਚ ਹੀ ਚੱਲ ਰਿਹਾ ਹੈ, ਜਦਕਿ ਤਿੰਨ ਬੱਚਿਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਫਾਰਮਾਸਿਸਟ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਹਸਪਤਾਲ ਵਿਚ ਤਿੰਨ ਲੜਕੇ ਭਰਤੀ ਹੋਏ ਹਨ, ਜਿਨ੍ਹਾਂ ਨੇ ਕਿਸੇ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਹੋਇਆ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੀੜਤ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਬੱਚਿਆਂ ਨੂੰ ਨਸ਼ਾ ਦੇਣ ਵਾਲੇ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਪਿੰਡ ਚੱਕ ਖੇੜੇ ਵਾਲਾ ਅਤੇ ਬਸਤੀ ਰਣਜੀਤ ਸਿੰਘ ਵਾਲੀ ਦੇ ਵਾਸੀਆਂ ਨੂੰ ਪੰਚਾਇਤ ਨੇ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।