02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਿਹਤ ਵਿਭਾਗ ਨੇ 220 ਬਜ਼ੁਰਗਾਂ ਨੂੰ ਐਨਕਾਂ ਵੰਡੀਆਂ

ਅਜੀਤ ਡੈਸਕ 09-07-2026
ਅਬੋਹਰ, 8 ਜੁਲਾਈ (ਸੁਖਜੀਤ ਸਿੰਘ ਬਰਾੜ)-ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਵਹਾਬਵਾਲਾ ਡਾ. ਗਗਨਦੀਪ ਸਿੰਘ (ਜਨਰਲ ਸਰਜਨ) ਦੀ ਨਿਗਰਾਨੀ ਹੇਠ ਕਮਿਊਨਿਟੀ ਹੈਲਥ ਸੈਂਟਰ ਵਹਾਬਵਾਲਾ ਵਿਖੇ ਅੰਨ੍ਹੇਪਣ ਅਤੇ ਕਮਜ਼ੋਰ ਨਜ਼ਰ ਤੋਂ ਪੀੜਿਤ ਬਜ਼ੁਰਗਾਂ ਨੂੰ ਐਨਕਾਂ ਦੀ ਵੰਡ ਕੀਤੀ ਗਈ। ਜਾਣਕਾਰੀ ਦਿੰਦਿਆਂ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਬਜ਼ੁਰਗਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਹੇਠ ਐਨ.ਪੀ.ਸੀ.ਬੀ ਪ੍ਰੋਗਰਾਮ ਤਹਿਤ ਅੰਨ੍ਹੇਪਣ ਅਤੇ ਕਮਜ਼ੋਰ ਦ੍ਰਿਸ਼ਟੀ ਸਬੰਧੀ ਸਮੱਸਿਆ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਹਨ। ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਲਵਲੀ ਕਾਂਸਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਨ੍ਹੇਪਣ ਅਤੇ ਦ੍ਰਿਸ਼ਟੀ ਹੀਣਤਾ ਤੇ ਨਿਯੰਤਰਨ ਲਈ ਰਾਸ਼ਟਰੀ ਪ੍ਰੋਗਰਾਮ ਜ਼ਿਲ੍ਹੇ ਵਿਚ ਬੜੇ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਹਾਬਵਾਲਾ ਅਤੇ ਨੇੜਲੇ ਪਿੰਡਾਂ ਦੇ 220 ਲੋਕਾਂ ਨੂੰ ਐਨਕਾਂ ਵੰਡੀਆਂ ਗਈਆਂ। ਸਿਹਤ ਵਿਭਾਗ ਦੇ ਇਸ ਪ੍ਰੋਗਰਾਮ ਤਹਿਤ ਪਹਿਲਾਂ ਵੀ ਸਕੂਲੀ ਵਿਦਿਆਰਥੀਆਂ ਅਤੇ ਲੋੜਵੰਦ ਵਿਅਕਤੀਆਂ ਨੂੰ ਐਨਕਾਂ ਵੰਡੀਆਂ ਜਾਂਦੀਆਂ ਹਨ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਓਪਥੈਲਮਿਕ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਅੱਖਾਂ ਦੀ ਦੇਖਭਾਲ ਲਈ ਜਾਗਰੂਕਤਾ ਅਤੇ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ ਅਤੇ ਲੋੜਵੰਦ ਵਿਅਕਤੀਆਂ ਦਾ ਮੁਫ਼ਤ ਅਪਰੇਸ਼ਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਬਜ਼ੁਰਗਾਂ ਲਈ ਹੋਰ ਵੀ ਵਿਸ਼ੇਸ਼ ਕੈਪ ਉਲੀਕੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਲਾਭ ਜ਼ਰੂਰ ਲਿਆ ਜਾਵੇ। ਇਸ ਮੌਕੇ ਤੇ ਫਾਰਮੇਸੀ ਅਫ਼ਸਰ ਨਵਜੋਤ ਸਿੰਘ, ਸਟਾਫ਼ ਨਰਸ ਕੁਲਜੀਤ ਕੁਮਾਰ ਅਤੇ ਲੋਕ ਮੌਜੂਦ ਸਨ।
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਨੇ ਪਿੰਡ ਸੰਤੂਵਾਲਾ ਵਾਸੀਆਂ ਨੂੰ ਪ੍ਰੋਜੈਕਟਰ ’ਤੇ ‘ਸਤਲੁਜ’ ਫਿਲਮ ਦਿਖਾਈ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਪ੍ਰਧਾਨ ਰਾਜਾ ਵੜਿੰਗ ਨੂੰ ਵਧਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।