01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 13-06-2026
ਫ਼ਾਜ਼ਿਲਕਾ, 12 ਜੂਨ(ਦਵਿੰਦਰ ਪਾਲ ਸਿੰਘ)-ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ, ਭਾਰਤ-ਅਮਰੀਕਾ ਵਪਾਰ ਸਮਝੌਤੇ, ਈਰਾਨ 'ਤੇ ਅਮਰੀਕੀ ਸਾਮਰਾਜੀ ਹਮਲੇ ਅਤੇ ਇਸ ਦੀ ਆੜ ਵਿਚ ਦੇਸ਼ ਅੰਦਰ ਵਧਾਈ ਜਾ ਰਹੀ ਮਹਿੰਗਾਈ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ | 'ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ' ਅਤੇ 'ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ)' ਵਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਮੁਜ਼ਾਹਰੇ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਣ ਦੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਫ਼ਾਜ਼ਿਲਕਾ ਦੀ ਦਾਣਾ ਮੰਡੀ ਵਿਖੇ ਇਕ ਅਹਿਮ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਦੀ ਅਗਵਾਈ ਹੇਠ ਸੰਪੰਨ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਅੰਦਰ ਖਾਦਾਂ, ਜ਼ਰੂਰੀ ਵਸਤਾਂ ਅਤੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਆਮ ਲੋਕਾਂ 'ਤੇ ਮਹਿੰਗਾਈ ਦਾ ਭਾਰੀ ਬੋਝ ਪਾਇਆ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਅਤੇ ਅਮਰੀਕੀ ਸਾਮਰਾਜੀਆਂ ਨੂੰ ਦਿੱਤੀਆਂ ਗਈਆਂ ਯਕੀਨ-ਦਹਾਨੀਆਂ ਤੁਰੰਤ ਰੱਦ ਕੀਤੀਆਂ ਜਾਣ | ਇਸ ਮੌਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ-ਇਰਾਨ ਜੰਗ ਦੀ ਆੜ 'ਚ ਦੇਸ਼ ਅੰਦਰ ਮਹਿੰਗਾਈ ਵਧਾਉਣ ਦੇ ਕਦਮ ਰੋਕੇ ਜਾਣ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਮਹਿੰਗਾਈ ਵਧਣ ਕਾਰਨ ਸਹਿਕਾਰੀ ਅਦਾਰਿਆਂ 'ਚ ਹੱਦ ਕਰਜ਼ੇ ਵਧਾਉਣ ਦਾ ਜੋ ਫ਼ੈਸਲਾ ਸਰਕਾਰ ਨੇ ਵਾਪਸ ਲਿਆ ਸੀ, ਨੂੰ ਤੁਰੰਤ ਮੁੜ ਲਾਗੂ ਕਰਕੇ ਵਧੇ ਹੋਏ ਕਰਜ਼ੇ ਜਾਰੀ ਕੀਤੇ ਜਾਣ | ਇਸ ਦੇ ਨਾਲ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਰਾਜਾਂ ਦੀ ਸਥਾਈ ਮੈਂਬਰੀ ਖ਼ਤਮ ਕਰਨ ਦਾ ਕੇਂਦਰ ਸਰਕਾਰ ਦਾ ਨੋਟੀਫ਼ਿਕੇਸ਼ਨ ਤੁਰੰਤ ਰੱਦ ਕਰਵਾਇਆ ਜਾਵੇ | ਸ਼ਿੰਗਾਰਾ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਚੰਡੀਗੜ੍ਹ ਵਿਖੇ ਆਪਣੀਆਂ ਮੰਗਾਂ ਲਈ ਜਾਣਾ ਲੋਕਾਂ ਦਾ ਜਮਹੂਰੀ ਹੱਕ ਹੈ, ਇਸ ਲਈ ਸਰਕਾਰ ਕਿਸਾਨਾਂ 'ਤੇ ਰੋਕਾਂ ਲਗਾਉਣੀਆਂ ਬੰਦ ਕਰੇ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਸ ਮੁਹਿੰਮ ਨੂੰ ਪਿੰਡ-ਪਿੰਡ, ਗਲੀ-ਮੁਹੱਲਿਆਂ ਤੱਕ ਲਿਜਾਇਆ ਜਾਵੇਗਾ | ਮੀਟਿੰਗ ਦੀ ਸ਼ੁਰੂਆਤ ਸਤਪਾਲ ਸਿੰਘ ਚੱਕ ਨਿਧਾਨਾ ਨੇ ਇਨਕਲਾਬੀ ਗੀਤਾਂ ਨਾਲ ਕੀਤੀ, ਜਦਕਿ ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਜਨਰਲ ਸਕੱਤਰ ਜਗਸੀਰ ਸਿੰਘ ਘੋਲਾ ਨੇ ਬਾਖ਼ੂਬੀ ਨਿਭਾਈ | ਇਸ ਮੀਟਿੰਗ ਵਿਚ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ ਦੇ ਸੈਂਕੜੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਆਗੂ ਅਤੇ ਕਿਸਾਨ ਭੈਣਾਂ ਸ਼ਾਮਲ ਸਨ |
ਪਿਛਲੀ ਖ਼ਬਰ ਪੰਜਾਬ ਦੀ ਆਪ ਸਰਕਾਰ ਵਿਕਾਸ ਪੱਖੋਂ ਹੁਣ ਤੱਕ ਦੀਆਂ ਸਰਕਾਰਾਂ 'ਚੋਂ ਫਾਡੀ ਸਾਬਤ ਹੋਈ-ਜੋਸਨ ਅਗਲੀ ਖ਼ਬਰ ਅਭਿਸ਼ੇਕ ਕਾਲਜ ਦੇ ਐਨ.ਐੱਸ.ਐੱਸ ਵਿਭਾਗ ਵਲੋਂ ਈਾਧਨ ਦੀ ਬੱਚਤ ਅਤੇ ਵਾਤਾਵਰਨ ਦੀ ਸੰਭਾਲ ਲਈ ਕੱਢੀ ਗਈ ਜਾਗਰੂਕਤਾ ਸਾਈਕਲ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।