ਮੰਡੀ ਅਰਨੀਵਾਲਾ, 20 ਜਨਵਰੀ (ਨਿਸ਼ਾਨ ਸਿੰਘ ਮੋਹਲ਼ਾ)-ਨਗਰ ਪੰਚਾਇਤ ਅਰਨੀਵਾਲਾ ਦੀ ਹੱਦ 'ਚ ਮਲੋਟ ਫ਼ਾਜ਼ਿਲਕਾ ਰੋਡ 'ਤੇ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ੇ, ਸਰਕਾਰੀ ਜਗ੍ਹਾ ਵਿਚ ਪਏ ਸਾਮਾਨ ਤੇ ਲੱਗੀਆਂ ਹੋਈਆਂ ਰੇੜੀਆਂ ਨੂੰ ਅੱਜ ਹਟਾਇਆ ਗਿਆ | ਨਗਰ ਪੰਚਾਇਤ ਅਰਨੀਵਾਲਾ ਦੇ ਈ. ਓ. ਬਲਵਿੰਦਰ ਸਿੰਘ ਤੇ ਪੁਲਿਸ ਥਾਣਾ ਅਰਨੀਵਾਲਾ ਦੇ ਇੰਚਾਰਜ ਪਰਮਜੀਤ ਕੁਮਾਰ ਵਲੋਂ ਸਾਂਝੇ ਤੌਰ 'ਤੇ ਇਹ ਮੁਹਿੰਮ ਚਲਾਈ ਗਈ | ਨਗਰ ਪੰਚਾਇਤ ਦੇ ਈ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਦੁਕਾਨਦਾਰਾਂ ਵਲੋਂ ਸੜਕ ਦੀ ਜਗ੍ਹਾਂ 'ਚ ਕਬਜ਼ਾ ਕਰਕੇ ਨਾਜਾਇਜ਼ ਤੌਰ 'ਤੇ ਸਾਮਾਨ ਰੱਖਿਆ ਗਿਆ ਹੈ, ਜਿਸ ਕਰਕੇ ਟ੍ਰੈਫ਼ਿਕ 'ਚ ਵਿਘਨ ਪੈਂਦਾ ਹੈ | ਇਸ ਸੰਬੰਧੀ ਇਹ ਵੀ ਸਾਹਮਣੇ ਆਇਆ ਸੀ ਕਿ ਕਈ ਵਾਰ ਫ਼ਾਜ਼ਿਲਕਾ ਤੋਂ ਬਠਿੰਡਾ ਲਿਜਾ ਰਹੇ ਮਰੀਜ਼ਾਂ ਵਾਲੀ ਐਂਬੂਲੈਂਸ ਵੀ ਟ੍ਰੈਫ਼ਿਕ ਵਿਚ ਫਸ ਜਾਂਦੀਆਂ ਹਨ ਜਿਸ ਕਰਕੇ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ ਹੈ | ਪੁਲਿਸ ਤੇ ਨਗਰ ਪੰਚਾਇਤ ਨੇ ਸਾਂਝੀ ਕਾਰਵਾਈ ਕਰਦੇ ਹੋਏ ਨਾਜਾਇਜ਼ ਕਬਜ਼ੇ ਨੂੰ ਹਟਾਇਆ ਅਤੇ ਕਈਆਂ ਦੁਕਾਨਦਾਰਾਂ ਦੇ ਸਾਮਾਨ ਨੂੰ ਵੀ ਕਬਜ਼ੇ ਵਿਚ ਵੀ ਲਿਆ | ਪੁਲਿਸ ਥਾਣਾ ਅਰਨੀਵਾਲਾ ਦੇ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਚਲਾਨ ਵੀ ਕੱਟੇ ਗਏ ਹਨ | ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨੂੰ ਸੁਚਾਰੂ ਰੱਖਣ ਵਿਚ ਸਹਿਯੋਗ ਕਰਨ ਅਤੇ ਸਰਕਾਰੀ ਪ੍ਰਾਪਰਟੀ 'ਤੇ ਕਬਜ਼ਾ ਨਾ ਕਰਨ | ਜੇਕਰ ਫਿਰ ਵੀ ਇਸ ਸੰਬੰਧੀ ਅੱਗੇ ਤੋਂ ਕੋਈ ਸ਼ਿਕਾਇਤ ਮਿਲੀ ਤਾਂ ਸੰਬੰਧਿਤ ਨਾਜਾਇਜ਼ ਕਬਜ਼ਾ ਧਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |