25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਓਟ ਸੈਂਟਰ ਡੱਬਵਾਲਾ ਕਲਾਂ ਵਿਖੇ ਚੋਰੀ ਦੀ ਘਟਨਾ ਤੋਂ ਬਾਅਦ ਸਿਵਲ ਸਰਜਨ ਫ਼ਾਜ਼ਿਲਕਾ ਵਲੋਂ ਐੱਸ. ਐੱਸ. ਪੀ. ਨਾਲ ਮੀਟਿੰਗ

ਅਜੀਤ ਡੈਸਕ 21-01-2026
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਓਟ ਸੈਂਟਰ ਡੱਬਵਾਲਾ ਕਲਾਂ ਵਿਖੇ ਹਾਲ ਹੀ ਵਿਚ ਵਾਪਰੀ ਚੋਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਵਲੋਂ ਤੁਰੰਤ ਕਦਮ ਚੁੱਕੇ ਗਏ | ਇਸ ਸੰਬੰਧੀ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਾਜ਼ਿਲਕਾ ਨਾਲ ਵਿਸਥਾਰਪੂਰਵਕ ਮੀਟਿੰਗ ਕਰਕੇ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਨਾ ਸਿਰਫ਼ ਡੱਬਵਾਲਾ ਕਲਾਂ, ਸਗੋਂ ਜ਼ਿਲ੍ਹੇ ਦੇ ਹੋਰ ਸਾਰੇ ਓਟ ਸੈਂਟਰਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਮੰਗ ਕੀਤੀ | ਇਸ ਸੰਬੰਧੀ ਉਨ੍ਹਾਂ ਨਾਲ ਮੀਟਿੰਗ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਏਰਿਕ ਨਾਲ ਸੀ | ਸਿਵਲ ਸਰਜਨ ਨੇ ਐੱਸ. ਐੱਸ. ਪੀ. ਗੁਰਮੀਤ ਸਿੰਘ ਨੂੰ ਦੱਸਿਆ ਕਿ ਓਟ ਸੈਂਟਰ ਨਸ਼ਾ ਮੁਕਤੀ ਲਈ ਬਹੁਤ ਹੀ ਅਹਿਮ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਇਨ੍ਹਾਂ ਸੈਂਟਰਾਂ ਦੀ ਸੁਰੱਖਿਆ 'ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਨ ਸਿਹਤ ਲਈ ਖ਼ਤਰਾ ਬਣ ਸਕਦੀ ਹੈ | ਉਨ੍ਹਾਂ ਨੇ ਕਿਹਾ ਕਿ ਸੈਂਟਰਾਂ 'ਚ ਮੌਜੂਦ ਦਵਾਈਆਂ, ਰਿਕਾਰਡ ਅਤੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਸ਼ਾ ਛੱਡਣ ਆਏ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ | ਮੀਟਿੰਗ ਦੌਰਾਨ ਐੱਸ. ਐੱਸ. ਪੀ. ਫ਼ਾਜ਼ਿਲਕਾ ਵਲੋਂ ਭਰੋਸਾ ਦਿੱਤਾ ਗਿਆ ਕਿ ਚੋਰੀ ਦੀ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ | ਨਾਲ ਹੀ ਉਨ੍ਹਾਂ ਨੇ ਕਿਹਾ ਕਿ ਓਟ ਸੈਂਟਰਾਂ ਦੀ ਸੁਰੱਖਿਆ ਲਈ ਜ਼ਰੂਰੀ ਪੁਲਿਸ ਸਹਿਯੋਗ ਦਿੱਤਾ ਜਾਵੇਗਾ | ਇਸ 'ਚ ਰਾਤ ਦੇ ਸਮੇਂ ਗਸ਼ਤ ਵਧਾਉਣਾ, ਸੰਵੇਦਨਸ਼ੀਲ ਸੈਂਟਰਾਂ 'ਤੇ ਵਿਸ਼ੇਸ਼ ਨਿਗਰਾਨੀ ਅਤੇ ਸਥਾਨਕ ਪੁਲਿਸ ਨਾਲ ਤਾਲਮੇਲ ਸ਼ਾਮਲ ਹੈ | ਮੀਟਿੰਗ ਤੋਂ ਬਾਅਦ ਸਿਵਲ ਸਰਜਨ ਡਾ. ਕਵਿਤਾ ਸਿੰਘ ਵਲੋਂ ਖ਼ੁਦ ਓਟ ਸੈਂਟਰ ਡੱਬਵਾਲਾ ਕਲਾਂ ਦਾ ਦੌਰਾ ਵੀ ਕੀਤਾ | ਦੌਰੇ ਦੌਰਾਨ ਉਨ੍ਹਾਂ ਨੇ ਸੈਂਟਰ ਦੇ ਸਟਾਫ਼ ਨਾਲ ਗੱਲਬਾਤ ਕਰਕੇ ਚੋਰੀ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਲਈ ਤੇ ਸੁਰੱਖਿਆ ਸੰਬੰਧੀ ਕਮੀਆਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਸਟਾਫ਼ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਸੈਂਟਰ ਦੀਆਂ ਸੇਵਾਵਾਂ ਕਿਸੇ ਵੀ ਕੀਮਤ 'ਤੇ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ | ਸਿਵਲ ਸਰਜਨ ਨੇ ਦੌਰੇ ਦੌਰਾਨ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਸੈਂਟਰਾਂ 'ਚ ਸੀ. ਸੀ. ਟੀ. ਵੀ. ਕੈਮਰੇ, ਰਾਤ ਦੀ ਲਾਈਟਿੰਗ, ਦਰਵਾਜ਼ਿਆਂ ਤੇ ਖਿੜਕੀਆਂ ਦੀ ਮਜ਼ਬੂਤੀ ਅਤੇ ਰਿਕਾਰਡ ਦੀ ਸੁਰੱਖਿਅਤ ਸੰਭਾਲ ਯਕੀਨੀ ਬਣਾਈ ਜਾਵੇ | ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਹੋਰ ਓਟ ਸੈਂਟਰਾਂ ਦੀ ਸੁਰੱਖਿਆ ਦਾ ਮੁੜ ਅੰਕਲਨ ਕਰਨ ਤੇ ਜ਼ਰੂਰਤ ਅਨੁਸਾਰ ਵਾਧੂ ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ | ਡਾ. ਕਵਿਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮੁਕਤੀ ਤੇ ਸਿਹਤ ਸੇਵਾਵਾਂ ਨੂੰ ਲੈ ਕੇ ਗੰਭੀਰ ਹੈ ਅਤੇ ਓਟ ਸੈਂਟਰਾਂ ਰਾਹੀਂ ਹਜ਼ਾਰਾਂ ਨੌਜਵਾਨ ਮੁੜ ਸਿਹਤਮੰਦ ਜੀਵਨ ਵੱਲ ਵਾਪਸ ਆ ਰਹੇ ਹਨ | ਇਸ ਲਈ ਇਨ੍ਹਾਂ ਸੈਂਟਰਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਵੱਡੀ ਤਰਜੀਹ ਹੈ | ਉਨ੍ਹਾਂ ਨੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਸਿਹਤ ਸੰਸਥਾਵਾਂ ਦੀ ਰੱਖਿਆ ਵਿਚ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ | ਇਸ ਦੌਰਾਨ ਡਾ. ਦੁਸ਼ਯੰਤ ਯਾਦਵ, ਸੁਭਾਸ਼ ਚੰਦਰ, ਪ੍ਰਕਾਸ਼ ਸਿੰਘ, ਵਿਨੋਦ ਕੁਮਾਰ ਹਾਜ਼ਰ ਸੀ |
ਪਿਛਲੀ ਖ਼ਬਰ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਹਜ਼ਾਰਾਂ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੱਤਰਕਾਰਾਂ ਦੀ ਆਜ਼ਾਦੀ 'ਤੇ ਕੀਤੇ ਹਮਲੇ ਖ਼ਿਲਾਫ਼ ਪ੍ਰਦਰਸ਼ਨ 'ਚ ਪੰਜਾਬ ਸਟੂਡੈਂਟਸ ਯੂਨੀਅਨ ਕਰੇਗੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।