25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸੇਵਾਮੁਕਤ ਸਬ ਇੰਸਪੈਕਟਰ ਨੇ ਮਾਰਕੁੱਟ ਦੇ ਮਾਮਲੇ 'ਚ ਚਲਾਨ ਪੇਸ਼ ਕੀਤੇ ਜਾਣ ਦੀ ਕੀਤੀ ਮੰਗ

ਅਜੀਤ ਡੈਸਕ 21-01-2026
ਅਬੋਹਰ, 20 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਸਬ ਇੰਸਪੈਕਟਰ ਆਪਣੇ ਹੀ ਵਿਭਾਗ ਤੋਂ ਇਨਸਾਫ਼ ਦੇ ਲਈ ਦਰ-ਦਰ ਭਟਕ ਰਿਹਾ ਹੈ ਪਰ ਉਸ ਦੀ ਫ਼ਿਲਹਾਲ ਕੋਈ ਸੁਣਵਾਈ ਨਹੀਂ ਹੋ ਰਹੀ | ਇਸ ਸੰਬੰਧੀ ਅਬੋਹਰ ਦੇ ਥਾਣਾ ਸਿਟੀ 2 ਦੇ ਬਾਹਰ ਜਾਣਕਾਰੀ ਦਿੰਦੇ ਹੋਏ ਪੀੜਤ ਸੇਵਾਮੁਕਤ ਸਬ ਇੰਸਪੈਕਟਰ ਪੂਰਨ ਚੰਦ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਉੱਪਰ ਕੁੱਝ ਲੋਕਾਂ ਨੇ ਉਸ ਸਮੇਂ ਹਮਲਾ ਕੀਤਾ, ਜਦ ਉਹ ਆਪਣੇ ਇਕ ਰਿਸ਼ਤੇਦਾਰ ਦੇ ਘਰ ਮੀਟਿੰਗ ਕਰ ਰਹੇ ਸਨ | ਜਿਸ ਤਹਿਤ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਸਾਲ 2020 ਵਿਚ ਕੁਝ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਪਰ ਇਸ ਦੇ ਬਾਅਦ ਤੋਂ ਕਥਿਤ ਦੋਸ਼ੀਆਂ ਵਲੋਂ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦ ਕਿ ਪੁਲਿਸ ਵਲੋਂ ਵੀ ਅਦਾਲਤ 'ਚ ਹਾਲ ਤੱਕ ਚਲਾਨ ਪੇਸ਼ ਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਇਸ ਮੁਕੱਦਮੇ ਦੀ ਜਾਂਚ ਏ. ਐੱਸ. ਆਈ. ਕੁਲਵੰਤ ਸਿੰਘ ਕਰ ਰਹੇ ਸਨ ਪਰ ਉਸ ਸਮੇਂ ਚਲਾਨ ਅਦਾਲਤ 'ਚ ਪੇਸ਼ ਨਾ ਹੋਇਆ | ਇਸ ਉਪਰੰਤ ਕਈ ਜਾਂਚ ਅਧਿਕਾਰੀ ਬਦਲੇ ਪਰ ਉਨ੍ਹਾਂ ਦੀ ਮਾਮਲੇ ਦਾ ਚਲਾਨ ਕੋਰਟ ਵਿਚ ਪੇਸ਼ ਨਾ ਕੀਤਾ | ਇਸ ਉਪਰੰਤ ਸਾਲ 2022 'ਚ ਜਾਂਚ ਕਰ ਰਿਹਾ ਅਧਿਕਾਰੀ ਵੀ ਸੇਵਾਮੁਕਤ ਹੋ ਗਿਆ ਪਰ ਉਨ੍ਹਾਂ ਦੇ ਮਾਮਲੇ ਦੀ ਜਾਂਚ ਫਾਈਲ ਕਿਤੇ ਗੁੰਮ ਗਈ | ਜਿਸ ਸੰਬੰਧੀ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਆਨਲਾਈਨ ਸ਼ਿਕਾਇਤ ਭੇਜਦੇ ਹੋਏ ਜਲਦ ਗੁੰਮ ਚਲਾਨ ਸੰਬੰਧੀ ਜਾਂਚ ਕਰਦੇ ਹੋਏ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ | ਇਸ ਸੰਬੰਧੀ ਥਾਣਾ ਸਿਟੀ 2 ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਉਕਤ ਵਿਅਕਤੀ ਉਨ੍ਹਾਂ ਨੂੰ ਮਿਲਿਆ ਸੀ ਅਤੇ ਗੱਲਬਾਤ ਸੁਣ ਕੇ ਉਨ੍ਹਾਂ ਦੇ ਕੇਸ ਦੀ ਮਿਸਲ ਸੰਬੰਧੀ ਜਾਂਚ ਕਰ ਰਹੇ ਸੇਵਾਮੁਕਤ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਮਿਸਲ ਕਿਤੇ ਗੁੰਮ ਨਹੀਂ ਹੁੰਦੀ ਜੇਕਰ ਫਿਰ ਵੀ ਕੁੱਝ ਹੋਇਆ ਤਾਂ ਮੁਲਾਜ਼ਮ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਵਿਭਾਗੀ ਕਾਰਵਾਈ ਤਹਿਤ ਉਕਤ ਮੁਲਾਜ਼ਮ ਦੀ ਪੈਨਸ਼ਨ ਵੀ ਬੰਦ ਹੋ ਸਕਦੀ ਹੈ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ 'ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ' ਬਾਰੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ... ਅਗਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਵਫ਼ਦ ਵਲੋਂ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।