ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ‘ਮਾਂ ਦੇ ਨਾਮ ’ਤੇ ਇਕ ਰੁੱਖ’ ਮੁਹਿੰਮ ਦੇ ਹਿੱਸੇ ਵਜੋਂ ਇਕ ਵਿਸ਼ੇਸ਼ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਤੇ ਵਿਦਿਆਰਥੀਆਂ ਵਿਚ ਕੁਦਰਤ ਪ੍ਰਤੀ ਪਿਆਰ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਕੈਂਪਸ ’ਚ ਬੂਟੇ ਲਗਾਉਣ ਨਾਲ ਹੋਈ। ਸਕੂਲ ਦੇ ਚੇਅਰਮੈਨ ਰਾਜਨ ਮਿੱਤਲ, ਮੈਨੇਜਰ ਡਾ: ਨੀਰਾ ਸ਼ਰਮਾ ਤੇ ਪ੍ਰਿੰਸੀਪਲ ਰਾਜੀਵ ਭਾਰਤੀ ਨੇ ਵਿਦਿਆਰਥੀਆਂ ਨਾਲ ਬੂਟੇ ਲਗਾਏ। ਉਨ੍ਹਾਂ ਦੱਸਿਆ ਕਿ ਬੂਟੇ ਸਾਡੇ ਜੀਵਨ ਦੀ ਨੀਂਹ ਹਨ ਤੇ ਸਾਨੂੰ ਸਾਫ਼ ਹਵਾ ਪ੍ਰਦਾਨ ਕਰਦੇ ਹਨ, ਵਾਤਾਵਰਨ ਸੰਤੁਲਨ ਬਣਾਈ ਰੱਖਦੇ ਹਨ।ਇਸ ਮੌਕੇ 150 ਵਿਦਿਆਰਥੀਆਂ ਨੂੰ ਬੂਟੇ ਵੀ ਵੰਡੇ ਗਏ। ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਜਾਂ ਆਲੇ ਦੁਆਲੇ ਦੇ ਖੇਤਰਾਂ ’ਚ ਬੂਟੇ ਲਗਾਉਣ ਤੇ ਨਿਯਮਤ ਦੇਖਭਾਲ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਰਾਜੀਵ ਭਾਰਤੀ ਨੇ ਕਿਹਾ ਕਿ ਕੁਦਰਤ ਮਾਂ ਦੇ ਨਾਮ ’ਤੇ ਰੁੱਖ ਲਗਾਉਣਾ ਅਤੇ ਉਸ ਦੀ ਦੇਖਭਾਲ ਕਰਨਾ ਵਾਤਾਵਰਨ ਪ੍ਰਤੀ ਸਾਡੀ ਸੱਚੀ ਜ਼ਿੰਮੇਵਾਰੀ ਹੈ। ਪ੍ਰੋਗਰਾਮ ਦੇ ਅੰਤ ’ਚ ਵਿਦਿਆਰਥੀਆਂ ਨੇ ਵਾਤਾਵਰਣ ਦੀ ਰੱਖਿਆ ਕਰਨ, ਰੁੱਖ ਲਗਾਉਣ ਅਤੇ ਨਿਯਮਿਤ ਦੇਖਭਾਲ ਕਰਨ ਦਾ ਪ੍ਰਣ ਲਿਆ।