- ਮਾਮਲਾ ਸਰਕਾਰੀ ਗਰਾਂਟ ਵਿਚ ਹੋਏ ਗਬਨ ਸੰਬੰਧੀ ਕਾਰਵਾਈ ਨਾ ਕਰਨ ਦਾ-
ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਜੋਨ ਬਾਬਾ ਮਸਤੂ ਵਲੋਂ ਬੀ.ਡੀ.ਪੀ.ਓ ਦੋਰਾਂਗਲਾ ਦਫਤਰ ਅੱਗੇ ਧਰਨਾ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਜੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਨੇ ਕੀਤੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿੰਡ ਸੁਲਤਾਨੀ ਵਿਖੇ ਸਾਬਕਾ ਸਰਪੰਚ ਨੇ ਸਰਕਾਰੀ ਗ੍ਰਾਂਟ ਵਿਚੋਂ 53 ਲੱਖ ਰੁਪਏ ਦਾ ਗਬਨ ਕੀਤਾ ਹੈ ਜੋ ਸਾਬਤ ਹੋ ਵੀ ਚੁੱਕਾ ਹੈ। ਪਰ ਇਸ ਦੇ ਬਾਵਜੂਦ ਬੀ.ਡੀ.ਪੀ.ਓ ਦੋਰਾਂਗਲਾ ਵਲੋਂ ਉਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦੋਂ ਕਿ ਬੀ.ਡੀ.ਪੀ.ਓ ਦੋਰਾਂਗਲਾ ਨਾਲ ਪਹਿਲਾਂ ਵੀ ਕਈ ਵਾਰ ਜਥੇਬੰਦੀ ਵਲੋਂ ਸੰਪਰਕ ਕੀਤਾ ਜਾ ਚੁੱਕਾ ਹੈ। ਪਰ ਵਿਭਾਗ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਜਿਸ ਤੋਂ ਬਾਅਦ ਜਥੇਬੰਦੀ ਨੂੰ ਮਜਬੂਰਨ ਧਰਨਾ ਲਗਾਉਣਾ ਪਿਆ ਹੈ। ਇਸ ਮੌਕੇ ਸੁਖਦੇਵ ਸਿੰਘ ਅੱਲੜਪਿੰਡੀ ਤੇ ਅਨੂਪ ਸਿੰਘ ਸੁਲਤਾਨੀ ਨੇ ਕਿਹਾ ਕਿ ਅੱਜ ਦੇ ਧਰਨੇ ਦੌਰਾਨ ਬੀ.ਡੀ.ਪੀ.ਓ ਦੋਰਾਂਗਲਾ ਵਲੋਂ 7 ਸਤੰਬਰ ਤੱਕ ਦਾ ਸਮਾਂ ਮੰਗਿਆ ਗਿਆ ਹੈ ਅਤੇ ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ 8 ਸਤੰਬਰ ਨੂੰ ਫਿਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਬਖਸ਼ੀਸ ਸਿੰਘ ਸੁਲਤਾਨੀ, ਕੁਲਜੀਤ ਸਿੰਘ, ਜੋਨ ਬਾਬਾ ਮਸਤੂ ਦੀ ਕੋਰ ਕਮੇਟੀ ਵਿਚ ਜਿਲ੍ਹਾ ਆਗੂ ਬੀਬੀ ਰਮਨਜੀਤ ਕੌਰ, ਕੁਲਵੰਤ ਕੌਰ, ਸੋਹਣ ਸਿੰਘ ਕਾਲਾ ਨੰਗਲ, ਕੁਲਜੀਤ ਸਿੰਘ ਹਯਾਤਨਗਰ, ਜਤਿੰਦਰ ਸਿੰਘ ਵਰ੍ਹਿਆਂ, ਵੱਸਣ ਸਿੰਘ ਪੀਰਾਂਬਾਗ, ਅਮਰੀਕ ਸਿੰਘ ਹਯਾਤ ਨਗਰ, ਮਹਿੰਦਰ ਸਿੰਘ ਥੰਮਣ, ਦਵਿੰਦਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਾਖਲਾ, ਦਲਬੀਰ ਸਿੰਘ ਠੁੰਡੀ, ਅਸ਼ਵਨੀ ਕੁਮਾਰ ਦੋਰਾਂਗਲਾ, ਪਰਮਜੀਤ ਸਿੰਘ ਆਦੀ, ਬੀਬੀ ਬਲਜੀਤ ਕੌਰ ਤੇ ਪਲਵਿੰਦਰ ਕੌਰ ਹਾਜ਼ਰ ਸਨ।