ਬਟਾਲਾ, 28 ਜੁਲਾਈ (ਸਤਿੰਦਰ ਸਿੰਘ)-ਸਾਵਣ ਦੇ ਪਵਿੱਤਰ ਮਹੀਨੇ ਦੌਰਾਨ ਹਲਕਾ ਬਟਾਲਾ ਦੇ ਇਤਿਹਾਸਕ ਤੇ ਪ੍ਰਸਿੱਧ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਇਸ ਵਾਰ ਵੀ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ, ਉਤਸ਼ਾਹ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਇਸ ਪਾਵਨ ਸਮਾਗਮ ’ਚ ਬਟਾਲਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸ਼੍ਰੀ ਅਚਲੇਸ਼ਵਰ ਮਹਾਂਦੇਵ ਜੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਸਮੂਹ ਸੰਗਤ ਦੀ ਸੁੱਖ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਉਪਾਸਨਾ ਦਾ ਸਭ ਤੋਂ ਪਵਿੱਤਰ ਸਮਾਂ ਮੰਨਿਆ ਜਾਂਦਾ ਹੈ ਤੇ ਸ਼੍ਰੀ ਅਚਲੇਸ਼ਵਰ ਧਾਮ ਦੀ ਪਾਵਨ ਧਰਤੀ ’ਤੇ ਆ ਕੇ ਮਨ ਨੂੰ ਅਲੌਕਿਕ ਸ਼ਾਂਤੀ ਤੇ ਆਤਮਿਕ ਸਕੂਨ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਸੰਸਕ੍ਰਿਤੀ, ਵਿਰਾਸਤ ਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸ਼੍ਰੀ ਅਚਲੇਸ਼ਵਰ ਮੰਦਿਰ ਕਾਰ ਸੇਵਾ, ਗਊਸ਼ਾਲਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ਼੍ਰੀ ਪਵਨ ਕੁਮਾਰ ਪੰਮਾ ਤੇ ਸਮੂਹ ਪ੍ਰਬੰਧਕ ਕਮੇਟੀ ਦੀ ਭਰਪੂਰ ਸ਼ਾਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਿਸ਼ਕਾਮ ਸੇਵਾ, ਸੁਚੱਜੇ ਪ੍ਰਬੰਧ ਤੇ ਧਾਰਮਿਕ ਪਰੰਪਰਾਵਾਂ ਨੂੰ ਸਾਂਭਣ ਲਈ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਾਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਪੰਮਾ ਦੀ ਅਗਵਾਈ ਹੇਠ ਹਰ ਸਾਲ ਸਾਵਣ ਮਹੀਨੇ ਦੌਰਾਨ ਕਰਵਾਇਆ ਜਾਣ ਵਾਲਾ ਇਹ ਸਮਾਗਮ ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣ ਚੁੱਕਾ ਹੈ ਤੇ ਸਮਾਜ ਨੂੰ ਧਰਮ, ਸੇਵਾ ਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਸਮਾਗਮ ਦੌਰਾਨ ਹਰਿਨਾਮ ਸੰਕੀਰਤਨ ਵਿਚ ਭਾਵਪੂਰਵਕ ਹਾਜ਼ਰੀ ਭਰੀ ਗਈ ਅਤੇ ਪੂਜਨੀਕ ਬਾਬਾ ਕਾਰਤਿਕ ਸੁਆਮੀ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਅਰਦਾਸ ਕੀਤੀ ਕਿ ਭਗਵਾਨ ਭੋਲੇਨਾਥ ਆਪਣੀ ਕਿਰਪਾ ਸਾਰੇ ਸੰਸਾਰ ’ਤੇ ਬਣਾਈ ਰੱਖਣ, ਹਰ ਘਰ ਵਿਚ ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਬਖ਼ਸ਼ਣ ਅਤੇ ਸਮਾਜ ਵਿਚ ਪਿਆਰ, ਸਦਭਾਵਨਾ ਤੇ ਭਾਈਚਾਰਾ ਸਦਾ ਕਾਇਮ ਰਹੇ।