12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਨੇ ਕਸਬਾ ਡੇਰਾ ਬਾਬਾ ਨਾਨਕ ਦੇ ਲੋਕ

ਅਜੀਤ ਡੈਸਕ 19-07-2026
ਡੇਰਾ ਬਾਬਾ ਨਾਨਕ, 18 ਜੁਲਾਈ (ਹੀਰਾ ਸਿੰਘ ਮਾਂਗਟ)-ਪਹਿਲੀ ਪਾਤਿਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਜਿੱਥੇ ਹਰ ਰੋਜ਼ ਦੇਸ਼ਾਂ-ਵਿਦੇਸ਼ਾਂ ਤੋਂ ਹਜ਼ਾਰਾਂ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਚੋਲਾ ਸਾਹਿਬ ਤੇ ਅੰਤਰਰਾਸ਼ਟਰੀ ਸਰਹੱਦ ’ਤੇ ਖਲੋ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੇ ਹਨ, ਉਥੇ ਹੀ ਬੀਤੇ ਕੁਝ ਦਿਨਾਂ ਤੋਂ ਨਗਰ ਕੌਂਸਲ ਦੇ ਸਫਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕਾਰਨ ਕਸਬੇ ਵਿਚ ਥਾਂ-ਥਾਂ ’ਤੇ ਵੱਡੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਕਸਬੇ ਅੰਦਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਗੰਦਗੀ ਕਾਰਨ ਜਿੱਥੇ ਕਸਬੇ ਦੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ, ਉੱਥੇ ਹੀ ਕਸਬੇ ਅੰਦਰ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਪ੍ਰਸ਼ਾਸਨ ਅਜੇ ਵੀ ਕੁੰਭਕਰਨ ਨਹੀਂ ਸੁੱਤਾ ਪਿਆ ਹੈ। ਭਾਵੇਂ ਕਿ ਸਰਕਾਰ ਵਲੋਂ ਇਸ ਇਤਿਹਾਸਿਕ ਕਸਬੇ ਨੂੰ ਪਵਿੱਤਰ ਸ਼ਹਿਰ ਦਾ ਰੁਤਬਾ ਦਿੱਤਾ ਹੋਇਆ ਹੈ ਤੇ ਕਸਬੇ ਅੰਦਰੋਂ ਮੀਟ ਤੇ ਸ਼ਰਾਬ ਦੇ ਠੇਕੇ ਬਾਹਰ ਲਿਜਾਏ ਗਏ ਹਨ, ਪਰ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰਾਂ ਕੋਲ ਦੀ ਲੋਕਾਂ ਨੂੰ ਮੂੰਹ ਲਪੇਟ ਕੇ ਲੰਘਣਾ ਪੈ ਰਿਹਾ ਹੈ, ਜੋ ਸ਼ਹਿਰ ਦੀ ਪਵਿੱਤਰਤਾ ਲਈ ਸਵਾਲੀਆ ਚਿੰਨ੍ਹ ਹੈ। ਕਸਬੇ ਦੇ ਵਸਨੀਕ ਸਤਪਾਲ, ਗੁਰਜੀਤ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਪ੍ਰਵੀਨ ਮਹਾਜਨ ਆਦਿ ਨੇ ਦੱਸਿਆ ਕਿ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਦੀ ਬਦਬੂ ਕਾਰਨ ਰੋਟੀ ਖਾਣੀ ਵੀ ਮੁਸ਼ਕਿਲ ਹੋਈ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਗੰਦਗੀ ਕਾਰਨ ਪੈਦਾ ਹੋਏ ਮੱਛਰ ਤੇ ਮੱਖੀਆਂ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨ੍ਹਾਂ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਗੰਦਗੀ ਦੇ ਢੇਰਾਂ ਨੂੰ ਤੁਰੰਤ ਚੁਕਾਇਆ ਜਾਵੇ ਤੇ ਇਸ ਇਤਿਹਾਸਕ ਕਸਬੇ ਦੀ ਸਫਾਈ ਵੱਲ ਉਚੇਚੇ ਤੌਰ ’ਤੇ ਧਿਆਨ ਦਿੱਤਾ ਜਾਵੇ।
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਵਿਖੇ ‘ਸਤਰੰਗੀ ਪੀਂਘ’ ਦਿਵਸ ਮਨਾਇਆ ਅਗਲੀ ਖ਼ਬਰ ਗਰੇਵਾਲ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਕਰ ਕੇ ਪੁਰਾਣੇ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ : ਲਾਟੀ ਮਚਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।