08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕਾਲਾ ਅਫਗਾਨਾ ਬਿਜਲੀ ਘਰ ਮੂਹਰੇ ਬਿਜਲੀ ਕੱਟਾਂ ਖਿਲਾਫ਼ ਕੀਤਾ ਚੱਕਾ ਜਾਮ

ਅਜੀਤ ਡੈਸਕ 28-06-2026
ਫਤਹਿਗੜ੍ਹ ਚੂੜੀਆਂ, 27 ਜੂਨ (ਅਵਤਾਰ ਸਿੰਘ ਰੰਧਾਵਾ)-ਕੁਝ ਦਿਨਾਂ ਤੋਂ ਚੱਲ ਰਹੇ ਅਣਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਕਾਲਾ ਅਫਗਾਨਾ ਤੇ ਇਲਾਕੇ ਦੇ ਕਿਸਾਨਾਂ ਨੇ ਐਸਡੀਓ ਫਤਹਿਗੜ੍ਹ ਚੂੜੀਆਂ ਨਾਲ ਮੁਸ਼ਕਲਾਂ ਦੱਸਣ ਲਈ ਫੋਨ ਰਾਹੀਂ ਰਾਬਤਾ ਕੀਤਾ। ਕਿਸਾਨਾਂ ਦੀ ਗੱਲ ਸੁਣਦੇ ਹੋਏ ਐਸਡੀਓ ਨੇ ਖਫਾ ਹੁੰਦੇ ਹੋਏ ਕਿਹਾ ਕਿ ਪਿੱਛੋਂ ਆ ਰਹੀ ਬਿਜਲੀ ਅਤੇ ਕੁਝ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਹੀ ਬਿਜਲੀ ਮਿਲੇਗੀ। ਇਸ ਉਪਰੰਤ ਕੋਈ ਚਾਰਾ ਨਾ ਚਲਦਾ ਦੇਖ ਕੇ ਬਿਜਲੀ ਬੋਰਡ ਦੇ ਖਿਲਾਫ਼ ਇਲਾਕੇ ਦੇ ਕਿਸਾਨਾਂ ਨੇ ਬਿਜਲੀ ਘਰ ਦਫਤਰ ਕਾਲਾ ਅਫਗਾਨਾ ਦੇ ਗੇਟ ਮੂਹਰੇ ਫਤਹਿਗੜ੍ਹ ਚੂੜੀਆਂ-ਬਟਾਲਾ ਸੜਕ ਉੱਪਰ ਅੱਤ ਦੀ ਗਰਮੀ ਵਿਚ ਦਰੀਆਂ ਵਿਛਾ ਕੇ ਤੇ ਟਰੈਕਟਰਾਂ ਨਾਲ ਰੋਕਾਂ ਲਗਾ ਕੇ ਕਈ ਘੰਟੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਜੋ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਦੀਆਂ ਨਿਰੰਤਰ ਬਿਆਨਬਾਜ਼ੀ ਕਰ ਰਹੀ ਹੈ, ਪਰ ਕਿਸਾਨਾਂ ਨੂੰ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਕਰ ਕੇ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਐਸਡੀਓ ਉਪਰ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਫੋਨ ਰਾਹੀਂ ਬਿਜਲੀ ਕੱਟਾਂ ਸਬੰਧੀ ਪ੍ਰੇਸ਼ਾਨੀ ਦੱਸਣੀ ਚਾਹੀ, ਪਰ ਐਸਡੀਓ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਅੱਗੋਂ ਘਟੀਆ ਸ਼ਬਦਾਵਲੀ ਵਰਤਦੇ ਹੋਏ ਕਿਹਾ ਕਿ ਜੋ ਕਰਨਾ ਹੈ, ਕਰ ਲਵੋ, ਮੈਨੂੰ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਇਹ ਚੱਕਾ ਜਾਮ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਬੰਧਿਤ ਐਸਡੀਓ ਆ ਕੇ ਕਿਸਾਨਾਂ ਨੂੰ ਬਿਜਲੀ ਦੇਣ ਸਬੰਧੀ ਵਿਸ਼ਵਾਸ ਨਹੀਂ ਦਿਵਾਉਂਦਾ। ਇਸ ਧਰਨੇ ਕਾਰਨ ਦੂਰ-ਦੂਰ ਤੱਕ ਕਾਰਾਂ, ਟਰੱਕਾਂ ਤੇ ਹੋਰ ਵਹੀਕਲਾਂ ਦਾ ਜਾਮ ਲੱਗ ਗਿਆ। ਐਸਡੀਓ ਨੇ ਚੱਕਾ ਜਾਮ ਵਾਲੀ ਜਗ੍ਹਾ ’ਤੇ ਪਹੁੰਚ ਕੇ ਜਿੱਥੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਦੀ ਗੱਲ ਕਰਦਿਆਂ ਬਿਜਲੀ ਸਪਲਾਈ ਚਾਲੂ ਕਰਵਾਈ ਅਤੇ ਕਿਹਾ ਕਿ ਕਿਸਾਨਾਂ ਨੂੰ ਅੱਗੇ ਤੋਂ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜੇ.ਈ. ਵਾਰਸ ਮਸੀਹ ਨੇ ਕਿਹਾ ਕਿ ਕਿਸ ਫੀਡਰ ਦੀ ਬਿਜਲੀ ਕਦੋਂ ਚਲਾਉਣੀ ਹੈ, ਕਿਸ ਫੀਡਰ ਦੀ ਬਿਜਲੀ ਬੰਦ ਕਰਨੀ ਹੈ, ਵਿਭਾਗੀ ਨਿਯਮਾਂ ਅਨੁਸਾਰ ਚੱਲ ਰਹੇ ਹਾਂ। ਇਸ ਮੌਕੇ ਕਿਸਾਨਾਂ ਵਿਚ ਬਾਬਾ ਬਲਬੀਰ ਸਿੰਘ ਕਾਲਾ ਅਫਗਾਨਾ, ਨਵਦੀਪ ਸਿੰਘ ਸ਼ੇਰਾ ਫੱਤੇਵਾਲ, ਨਵਜੋਤ ਸਿੰਘ ਕਾਲਾ ਅਫਗਾਨਾ, ਅਮਨਜੋਤ ਸਿੰਘ ਬੋਪਾਰਾਏ, ਪਰਵਿੰਦਰ ਸਿੰਘ ਫੱਤੇਵਾਲ, ਲਵਰਾਜ ਸਿੰਘ ਪੰਨਵਾਂ, ਗੁਰਜੀਤ ਸਿੰਘ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਪਲਵਿੰਦਰ ਸਿੰਘ, ਜੁਗਰਾਜ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਤਹਿਗੜ੍ਹ ਚੂੜੀਆਂ ਡੇਰਾ ਰੋਡ ਚੂੰਗੀ ਤੋਂ ਥਾਣੇ ਤੱਕ ਰਸਤੇ ਦੀ ਹਾਲਤ ਤਰਸਯੋਗ ਅਗਲੀ ਖ਼ਬਰ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਪ੍ਰਦਰਸ਼ਨ ਕਰਨਗੇ-ਬੱਲਪੁਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।