14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਐਸ.ਐਲ. ਬਾਵਾ ਕਾਲਜ ਦੇ 5 ਐਨ.ਸੀ.ਸੀ. ਕੈਡਿਟ ਅਗਨੀਵੀਰ ਵਜੋਂ ਚੁਣੇ

ਅਜੀਤ ਡੈਸਕ 20-06-2026
ਬਟਾਲਾ, 19 ਜੂਨ (ਸਤਿੰਦਰ ਸਿੰਘ)-ਸਥਾਨਕ ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੀ ਯੋਗ ਅਗਵਾਈ ਅਤੇ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਕੇ.ਜੇ.ਐਸ. ਗਿੱਲ ਤੇ ਕੈਪਟਨ ਮੁਨੀਸ਼ ਯਾਦਵ ਦੇ ਮਾਰਗਦਰਸ਼ਨ ਹੇਠ ਕਾਲਜ ਦੇ 5 ਐਨ.ਸੀ.ਸੀ. ਕੈਡਿਟਾਂ ਦੀ ਦੇਸ਼ ਸੇਵਾ ਲਈ ਅਗਨੀਵੀਰ ਵਜੋਂ ਚੋਣ ਹੋਈ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਚੁਣੇ ਗਏ ਕੈਡਿਟਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕੈਡਿਟਾਂ ਨੂੰ ਭਵਿੱਖ ਵਿਚ ਅਨੁਸ਼ਾਸਨ ਦੀ ਪਾਲਣਾ ਕਰਨ, ਸਕਾਰਾਤਮਕ ਸੋਚ ਰੱਖਣ ਅਤੇ ਪੂਰੀ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ। ਕਰਨਲ ਕੇ.ਜੇ. ਐਸ ਗਿੱਲ ਨੇ ਵੀ ਚੁਣੇ ਗਏ ਕੈਡਿਟਾਂ ਅਤੇ ਐਨ.ਸੀ.ਸੀ. ਵਿਭਾਗ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸਰਾਹਨਾ ਕੀਤੀ। ਕੈਡਿਟ ਬਲਪ੍ਰੀਤ ਸਿੰਘ ਦੀ ਪੈਰਾ ਕਮਾਂਡੋ ਵਜੋਂ ਚੋਣ ਹੋਈ ਹੈ, ਜਦਕਿ ਸੁਦਰਸ਼ਨ ਸਿੰਘ, ਰਾਜਬੀਰ ਸਿੰਘ, ਸਾਹਿਬ ਸਿੰਘ ਤੇ ਸੁਖਵੀਰ ਸਿੰਘ ਦੀ ਭਾਰਤੀ ਫੌਜ ਦੀਆਂ ਵੱਖ-ਵੱਖ ਰੈਜੀਮੈਂਟਾਂ ਵਿਚ ਅਗਨੀਵੀਰ (ਜਨਰਲ ਡਿਊਟੀ) ਵਜੋਂ ਚੋਣ ਹੋਈ ਹੈ। ਚੁਣੇ ਗਏ ਕੈਡਿਟਾਂ ਨੇ ਆਪਣੀ ਸੇਵਾ ਦੌਰਾਨ ਪੂਰੇ ਜੋਸ਼, ਸਮਰਪਣ ਅਤੇ ਦੇਸ਼ ਭਗਤੀ ਨਾਲ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਲਿਆ। ਕੈਪਟਨ ਮੁਨੀਸ਼ ਯਾਦਵ ਨੇ ਕਿਹਾ ਕਿ ਕੈਡਿਟਾਂ ਦੀ ਇਹ ਸਫਲਤਾ ਕਾਲਜ ਅਤੇ ਯੂਨਿਟ ਦੇ ਸਟਾਫ਼ ਦੇ ਸਹੀ ਮਾਰਗ ਦਰਸ਼ਨ ਦੇ ਨਾਲ-ਨਾਲ ਕੈਡਿਟਾਂ ਦੀ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ ਨਿਸ਼ਚੇ ਦਾ ਨਤੀਜਾ ਹੈ। ਇਸ ਮੌਕੇ ਕਾਲਜ ਅਤੇ ਯੂਨਿਟ ਦੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਚੁਣੇ ਗਏ ਕੈਡੇਟਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਦਿੱਤੇ।
ਪਿਛਲੀ ਖ਼ਬਰ ਅਕਾਲੀ ਆਗੂ ਸਤਨਾਮ ਸਿੰਘ ਅਠਵਾਲ ਦੀ ਅਚਾਨਕ ਮੌਤ ’ਤੇ ਜਥੇਦਾਰ ਲੰਗਾਹ ਸਮੇਤ ਹੋਰ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪਿੰਡ ਦੋਲੋਵਾਲ ਤੇ ਲੁਕਮਾਨੀਆਂ ਦੇ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ, ਕਿਸਾਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।