31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਉਦਯੋਗਿਕ ਵਿਕਾਸ ਲਈ ਸਰਕਾਰ ਤੇ ਉਦਯੋਗਪਤੀਆਂ ਵਿਚਕਾਰ ਬਿਹਤਰ ਤਾਲਮੇਲ ਬਹੁਤ ਜ਼ਰੂਰੀ- ਪਰਮਜੀਤ ਸਿੰਘ ਗਿੱਲ

ਅਜੀਤ ਡੈਸਕ 13-06-2026
ਬਟਾਲਾ, 12 ਜੂਨ (ਸਤਿੰਦਰ ਸਿੰਘ)-ਭਾਰਤ ਦੇ ਕੰਪਟ੍ਰੋਲਰ ਐਂਡ ਆਡੀਟਰ ਜਨਰਲ (ਕੈਗ) ਵਲੋਂ ਉਦਯੋਗਿਕ ਖੇਤਰ ਦੇ ਵਿਕਾਸ, ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਤੇ ਉਨ੍ਹਾਂ ਦੇ ਲਾਭ ਉਦਯੋਗਪਤੀਆਂ ਤੱਕ ਪਹੁੰਚਣ ਸਬੰਧੀ ਇਕ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਉਦਯੋਗ ਕੇਂਦਰ ਬਟਾਲਾ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਬਟਾਲਾ ਇੰਡਸਟਰੀਅਲ ਐਸਟੇਟ ਫੈਕਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਉਦਯੋਗਪਤੀਆਂ ਨੇ ਆਪਣੇ ਵਿਚਾਰ ਅਤੇ ਸਮੱਸਿਆਵਾਂ ਟੀਮ ਸਾਹਮਣੇ ਰੱਖੀਆਂ | ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਸ੍ਰੀ ਰਵਿੰਦਰ ਹਾਂਡਾ ਅਤੇ ਹੋਰ ਮੈਂਬਰਾਂ ਵਲੋਂ ਵਿਸਥਾਰ ਪੂਰਵਕ ਇਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿਚ ਉਦਯੋਗਿਕ ਖੇਤਰ ਦੇ ਬੁਨਿਆਦੀ ਢਾਂਚੇ, ਸੁਰੱਖਿਆ, ਸੜਕਾਂ, ਸੀਵਰੇਜ, ਸਟਰੀਟ ਲਾਇਟਾਂ, ਸਕਿੱਲ ਡਿਵੈਲਪਮੈਂਟ ਅਤੇ ਉਦਯੋਗਿਕ ਵਿਕਾਸ ਨਾਲ ਸੰਬੰਧਿਤ ਮੁੱਦੇ ਸ਼ਾਮਲ ਸਨ | ਮੀਟਿੰਗ ਵਿਚ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਦਯੋਗਪਤੀਆਂ ਨੇ ਕੈਗ ਟੀਮ ਨੂੰ ਜਾਣੂ ਕਰਵਾਇਆ ਕਿ ਕਈ ਸਰਕਾਰੀ ਯੋਜਨਾਵਾਂ ਉਦਯੋਗਾਂ ਲਈ ਲਾਭਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਪੂਰੀ ਜਾਣਕਾਰੀ ਉਦਯੋਗਿਕ ਇਕਾਈਆਂ ਤੱਕ ਨਹੀਂ ਪਹੁੰਚ ਰਹੀ | ਇਸ ਲਈ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਸਮੇਂ-ਸਮੇਂ 'ਤੇ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਕਰਵਾਏ ਜਾਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਦਯੋਗਿਕ ਵਿਕਾਸ ਲਈ ਸਰਕਾਰ ਅਤੇ ਉਦਯੋਗਪਤੀਆਂ ਵਿਚਕਾਰ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ | ਇਸ ਨਾਲ ਨਵੇਂ ਨਿਵੇਸ਼ ਨੂੰ ਉਤਸ਼ਾਹ ਮਿਲੇਗਾ, ਰੋਜ਼ਗਾਰ ਦੇ ਮੌਕੇ ਵਧਣਗੇ ਤੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ | ਕੈਗ ਟੀਮ ਨੇ ਉਦਯੋਗਪਤੀਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿਵਾਇਆ ਕਿ ਪ੍ਰਾਪਤ ਸੁਝਾਵਾਂ ਤੇ ਸ਼ਿਕਾਇਤਾਂ ਨੂੰ ਆਪਣੀ ਰਿਪੋਰਟ 'ਚ ਸ਼ਾਮਲ ਕਰਕੇ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਬਟਾਲਾ ਇੰਡਸਟਰੀਅਲ ਐਸਟੇਟ ਦੇ ਕਈ ਉਦਯੋਗਪਤੀ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਤਜਰਬੇਕਾਰ ਸਿੱਖਿਆ ਪ੍ਰਸ਼ਾਸਕ ਰਾਜੇਸ਼ ਸ਼ਰਮਾ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਤੇਜ਼ ਹਨੇਰੀ ਝੱਖੜ ਕਾਰਨ 2 ਮੰਜ਼ਿਲਾ ਪੋਲਟਰੀ ਫਾਰਮ ਹੋਇਆ ਢਹਿ-ਢੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।