ਪਠਾਨਕੋਟ, 2 ਜੂਨ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਐਨ.ਸੀ.ਸੀ. ਦੇ ਸੰਯੁਕਤ ਸਲਾਨਾ ਸਿਖਲਾਈ ਕੈਂਪ (ਆਰਮੀ ਏ.ਟੀ.ਸੀ. ਅਤੇ ਪ੍ਰੀ-ਨੇਵਲ ਐਨ.ਐਸ.ਸੀ.) ਦਾ ਸ਼ਾਨਦਾਰ ਆਗਾਜ਼ ਹੋਇਆ | ਇਕ ਮਹੀਨੇ ਤੱਕ ਚੱਲਣ ਵਾਲੇ ਇਸ ਕੈਂਪ ਦੇ ਪਹਿਲੇ ਦਿਨ ਵੱਖ-ਵੱਖ ਸਿੱਖਿਆ ਸੰਸਥਾਵਾਂ ਤੋਂ ਪਹੁੰਚੇ ਸੈਂਕੜੇ ਐਨ.ਸੀ.ਸੀ. ਕੈਡੇਟਾਂ ਨੇ ਉਤਸ਼ਾਹ ਨਾਲ ਭਾਗ ਲਿਆ | ਕੈਂਪ ਦਾ ਮੁੱਖ ਉਦੇਸ਼ ਕੈਡੇਟਾਂ 'ਚ ਅਨੁਸ਼ਾਸਨ, ਲੀਡਰਸ਼ਿਪ, ਸਰੀਰਕ ਤੰਦਰੁਸਤੀ ਤੇ ਸਰਵਪੱਖੀ ਸ਼ਖ਼ਸੀਅਤ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ | ਕੈਂਪ ਦੇ ਪਹਿਲੇ ਦਿਨ ਰਜਿਸਟ੍ਰੇਸ਼ਨ, ਓਰੀਐਂਟੇਸ਼ਨ ਸੈਸ਼ਨ, ਕਲਾਸਰੂਮ ਸਿਖਲਾਈ, ਡਰਿੱਲ ਅਭਿਆਸ, ਖੇਡ ਮੁਕਾਬਲਿਆਂ ਤੇ ਹੋਰ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ 'ਚ ਕੈਡੇਟਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ | ਪੂਰਾ ਕੈਂਪ ਪਰਿਸਰ ਦੇਸ਼-ਭਗਤੀ, ਟੀਮ ਭਾਵਨਾ ਤੇ ਆਪਸੀ ਸਹਿਯੋਗ ਦੇ ਮਾਹੌਲ ਨਾਲ ਗੂੰਜਦਾ ਰਿਹਾ | ਇਸ ਮੌਕੇ ਸਕੂਲ ਪ੍ਰਬੰਧਨ ਵਲੋਂ ਐਨ.ਸੀ.ਸੀ. ਦੇ ਸੀਨੀਅਰ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਮਾਂਡਰ ਐਨ. ਨਿਸ਼ਾਂਤ, ਕਮਾਂਡਿੰਗ ਅਫ਼ਸਰ 2 ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਅੰਮਿ੍ਤਸਰ, ਕਮਾਂਡਰ ਗੌਰਵ ਪੰਤ, ਕਮਾਂਡਿੰਗ ਅਫ਼ਸਰ 1 ਚੰਡੀਗੜ੍ਹ ਨੇਵਲ ਯੂਨਿਟ ਐਨ.ਸੀ.ਸੀ. ਅਤੇ ਲੈਫ਼ਟੀਨੈਂਟ ਕਮਾਂਡਰ ਸ਼ਿਵਮ ਅਗਰਵਾਲ, ਐਗਜ਼ੀਕਿਊਟਿਵ ਅਫ਼ਸਰ 1 ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਨਵਾਂ ਨੰਗਲ ਨੂੰ ਸਕੂਲ ਪ੍ਰਬੰਧਨ ਤੇ ਪਿ੍ੰਸੀਪਲ ਵਲੋਂ ਸਨਮਾਨਿਤ ਕੀਤਾ ਗਿਆ | ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾ ਕਿ ਪ੍ਰਤਾਪ ਵਰਲਡ ਸਕੂਲ ਲਈ ਇਸ ਮਹੱਤਵਪੂਰਨ ਐਨ.ਸੀ.ਸੀ. ਸਿਖਲਾਈ ਕੈਂਪ ਦੀ ਮੇਜ਼ਬਾਨੀ ਕਰਨਾ ਮਾਣ ਤੇ ਸਨਮਾਨ ਦੀ ਗੱਲ ਹੈ | ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕੈਡੇਟਾਂ ਤੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਖ-ਵੱਖ ਖੇਤਰਾਂ ਤੋਂ ਆਏ ਕੈਡੇਟਾਂ ਦੀ ਮੌਜੂਦਗੀ ਏਕਤਾ, ਸਿੱਖਣ ਤੇ ਲੀਡਰਸ਼ਿਪ ਦਾ ਸ਼ਾਨਦਾਰ ਮਾਹੌਲ ਪੈਦਾ ਕਰਦੀ ਹੈ | ਕਮਾਂਡਰ ਐਨ. ਨਿਸ਼ਾਂਤ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਨ.ਸੀ.ਸੀ. ਕੈਂਪ ਅਨੁਸ਼ਾਸਨ, ਲੀਡਰਸ਼ਿਪ, ਟੀਮ ਵਰਕ ਅਤੇ ਚੁਨੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰਨ ਲਈ ਸ਼ਾਨਦਾਰ ਮੰਚ ਹਨ | ਉਨ੍ਹਾਂ ਕੈਡੇਟਾਂ ਨੂੰ ਹਰ ਗਤੀਵਿਧੀ ਵਿਚ ਪੂਰੇ ਸਮਰਪਣ ਤੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ |