ਪਠਾਨਕੋਟ, 31 ਮਾਰਚ (ਸੰਧੂ)-ਅੱਜ ਟਰੇਡ ਯੂਨੀਅਨਾਂ ਦੀ ਇਕ ਮਹੱਤਵਪੂਰਨ ਮੀਟਿੰਗ ਕਾਮਰੇਡ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਸੀਟੂ ਦਫ਼ਤਰ ਗਾਂਧੀ ਚੌਕ ਪਠਾਨਕੋਟ ਵਿਖੇ ਹੋਈ | ਇਸ ਮੀਟਿੰਗ ਵਿਚ ਸੀਟੂ ਵਲੋਂ ਸੁਰਿੰਦਰ ਸਹਿਗਲ, ਬਲਵੰਤ ਸਿੰਘ, ਸਤ ਪ੍ਰਕਾਸ਼, ਕੇਵਲ ਕਾਲੀਆ, ਏਟਕ ਵਲੋਂ ਇਕਬਾਲ ਸਿੰਘ, ਇਫਟੂ ਵਲੋਂ ਵਿਜੈ ਕੁਮਾਰ ਅਤੇ ਸੀ.ਟੀ.ਯੂ. ਵਲੋਂ ਸ਼ਿਵ ਕੁਮਾਰ ਤੇ ਸੁਭਾਸ਼ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ | ਮੀਟਿੰਗ ਦੌਰਾਨ ਆਗੂਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੁਰਾਣੇ ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ ਚਾਰ ਨਵੇਂ ਲੇਬਰ ਕੋਡ ਲਾਗੂ ਕੀਤੇ ਗਏ ਹਨ, ਜੋ ਮਜ਼ਦੂਰ ਵਿਰੋਧੀ ਹਨ | ਉਨ੍ਹਾਂ ਕਿਹਾ ਕਿ ਇਹ ਕੋਡ 1 ਅਪ੍ਰੈਲ 2026 ਤੋਂ ਲਾਗੂ ਕੀਤੇ ਜਾ ਰਹੇ ਹਨ, ਜਿਸ ਦਾ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਆਗੂਆਂ ਐਲਾਨ ਕੀਤਾ ਕਿ 3 ਅਪ੍ਰੈਲ ਨੂੰ ਲੇਬਰ ਸ਼ੈੱਡ ਪਠਾਨਕੋਟ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ | ਇਸ ਤੋਂ ਬਾਅਦ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਬਾਲਮੀਕ ਚੌਕ ਵਿਖੇ ਲੇਬਰ ਕੋਡ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਲੰਮੇ ਸੰਘਰਸ਼ ਤੋਂ ਬਾਅਦ ਬਣੇ ਲੇਬਰ ਕਾਨੂੰਨ ਮਜ਼ਦੂਰਾਂ ਦੇ ਹੱਕਾਂ ਦੀ ਰੱਖਵਾਲੀ ਕਰਦੇ ਸਨ, ਪਰ ਨਵੇਂ ਕੋਡ ਮਜ਼ਦੂਰਾਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ | ਆਗੂਆਂ ਦੱਸਿਆ ਕਿ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰ ਦਿੱਤੇ ਗਏ ਹਨ, ਜੋ ਮਜ਼ਦੂਰਾਂ ਲਈ ਨੁਕਸਾਨਦੇਹ ਹਨ | ਇਸ ਤੋਂ ਇਲਾਵਾ ਨਿੱਜੀਕਰਨ ਅਤੇ ਠੇਕੇਦਾਰੀ ਪ੍ਰਣਾਲੀ ਨੂੰ ਵਧਾਵਾ ਦੇ ਕੇ ਮਜ਼ਦੂਰਾਂ ਦੀ ਲੁੱਟ ਨੂੰ ਹੋਰ ਵਧਾਇਆ ਜਾ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਇਹ ਕੋਡ ਰੱਦ ਨਹੀਂ ਕੀਤੇ ਜਾਂਦੇ, ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਆਗੂਆਂ ਨੇ ਸਿਹਤ ਵਿਭਾਗ ਅਤੇ ਨਰਸਿੰਗ ਸਟਾਫ਼ 'ਤੇ ਐਸਮਾ ਲਾਗੂ ਕਰਨ ਦੀ ਵੀ ਕੜੀ ਨਿੰਦਾ ਕੀਤੀ ਅਤੇ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ.ਏ. ਨਾ ਦੇਣ 'ਤੇ ਵੀ ਰੋਸ ਪ੍ਰਗਟਾਇਆ | ਉਨ੍ਹਾਂ ਮੰਗ ਕੀਤੀ ਕਿ ਸਾਰੇ ਬਕਾਇਆ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ |