ਗੁਰਦਾਸਪੁਰ, 29 ਮਾਰਚ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਸੀਵਰੇਜ ਨਾਲ ਜੋੜਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਜਿਹੜਾ 2007 ਵਿਚ ਟਰੀਟਮੈਂਟ ਪਲਾਂਟ ਲੱਖਾਂ ਰੁਪਏ ਖ਼ਰਚ ਕੇ ਬਣਿਆ ਸੀ, ਉਹ ਬੰਦ ਹੋਣ ਨਾਲ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦੇ ਆਲਮ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਸ਼ਹਿਰਾ ਦੇ ਸਾਬਕਾ ਸਰਪੰਚ ਪ੍ਰੇਮ ਲਾਲ, ਮਸੀਹ ਆਗੂ ਖ਼ਜ਼ਾਨ ਮਸੀਹ ਨੇ ਦੱਸਿਆ ਕਿ ਪਿੰਡ ਚਾਵਾ ਵਿਚ ਸੀਵਰੇਜ ਪਲਾਂਟ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਗੁਰਦਾਸਪੁਰ ਨੇ 2007 ਵਿਚ ਲਗਵਾਇਆ ਸੀ ਅਤੇ ਇਹ ਪਲਾਂਟ ਸਿਰਫ਼ ਦੋ ਸਾਲ ਬਾਅਦ ਹੀ ਠੱਪ ਹੋ ਕੇ ਰਹਿ ਗਿਆ ਅਤੇ ਸਰਕਾਰ ਵਲੋਂ ਖ਼ਰਚੇ ਲੱਖਾਂ ਰੁਪਏ ਬੇਕਾਰ ਗਏ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਸੀਵਰੇਜ ਦੇ ਕੁਨੈਕਸ਼ਨ ਵੀ ਲਏ ਸਨ | ਪਰ ਹੁਣ ਪਾਈਪਾਂ ਬੰਦ ਹੋਣ ਕਰਕੇ ਘਰਾਂ ਦੇ ਸੀਵਰੇਜ ਦੇ ਪਾਣੀ ਬੰਦ ਹੋਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਚਾਵਾ ਅੰਦਰ ਇਹ ਪਲਾਂਟ ਕਾਂਗਰਸ ਸਰਕਾਰ ਨੇ ਲਗਾਇਆ ਸੀ ਤਾਂ ਉਸ ਸਮੇਂ ਹੀ ਜ਼ਿਲ੍ਹਾ ਗੁਰਦਾਸਪੁਰ ਅਤੇ ਕਲਾਨੌਰ ਅੰਦਰ ਵੀ ਇਹ ਪਲਾਂਟ ਲੱਗੇ ਸਨ, ਜੋ ਨਿਰੰਤਰ ਚੱਲ ਰਹੇ ਹਨ | ਆਗੂਆਂ ਨੇ ਦੱਸਿਆ ਕਿ ਸੀਵਰੇਜ ਪਲਾਂਟ ਨੂੰ ਚਲਾਉਣ ਵਾਸਤੇ ਮਹਿਕਮੇ ਦੇ ਅਧਿਕਾਰੀਆਂ ਤੇ ਸਰਕਾਰ ਨੂੰ ਚਿੱਠੀਆਂ ਲਿਖੀਆਂ ਗਈਆਂ ਸਨ | ਪਰ ਇਸ ਦਾ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਕਿਹਾ ਇਹ ਪ੍ਰੋਜੈਕਟ ਲਗਵਾਉਣ ਵੇਲੇ ਪੰਚਾਇਤ ਨੇ ਜਗ੍ਹਾ ਵੀ ਖ਼ਰੀਦੀ ਸੀ, ਉਹ ਵੀ ਬੇਕਾਰ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਿੰਡ ਚਾਵਾ ਦਾ ਸੀਵਰੇਜ ਪਲਾਂਟ ਚਲਾਉਣ ਵਾਸਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਜਿਸ ਨਾਲ ਲੋਕਾਂ ਨੂੰ ਬੰਦ ਪਏ ਸੀਵਰੇਜ ਦੇ ਚੱਲਣ ਨਾਲ ਨਿਜਾਤ ਮਿਲ ਸਕੇ |