ਬਟਾਲਾ, 26 ਮਾਰਚ (ਸਤਿੰਦਰ ਸਿੰਘ)- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਇਕ ਹੋਰ ਅਨਮੋਲ ਤੋਹਫ਼ਾ ਦਿੱਤਾ ਹੈ | ਅੱਜ ਉਨ੍ਹਾਂ ਵਲੋਂ ਸਮਾਧ ਰੋਡ ਬਟਾਲਾ (ਨੇੜੇ ਜੱਸਾ ਸਿੰਘ ਰਾਮਗੜ੍ਹੀਆ ਹਾਲ) ਵਿਖੇ ਲਾਇਬ੍ਰੇਰੀ ਦੀ ਨਵੀਂ ਬਣੀ ਇਮਾਰਤ ਨੇੜਲੇ ਦੁਕਾਨਦਾਰਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਦੀ ਮੌਜੂਦਗੀ ਵਿਚ ਲੋਕ ਅਰਪਣ ਕੀਤੀ | ਇਸ ਮੌਕੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੀ ਲਾਇਬ੍ਰੇਰੀ ਇਮਾਰਤ ਦੀ ਹਾਲਤ ਪਹਿਲਾਂ ਬਹੁਤ ਜ਼ਿਆਦਾ ਖਸਤਾ ਸੀ ਅਤੇ ਮੀਂਹ ਦੌਰਾਨ ਇਥੇ ਬੈਠਣਾ ਔਖਾ ਹੋ ਜਾਂਦਾ ਸੀ ਪਰ ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਬੱਚਿਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਲਾਇਬ੍ਰੇਰੀ ਦੀ ਇਮਾਰਤ ਦਾ ਸ਼ਾਨਦਾਰ ਨਿਰਮਾਣ ਕਰਵਾਇਆ ਹੈ ਤੇ ਇਮਾਰਤ ਬਣ ਕੇ ਤਿਆਰ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿਚ ਇਤਿਹਾਸਕ, ਧਾਰਮਿਕ, ਸਮਾਜਿਕ, ਵਿਰਸੇ ਨਾਲ ਸਬੰਧਤ, ਮਹਾਨ ਕਵੀਆਂ, ਲੇਖਕਾਂ ਤੇ ਮੁਕਾਬਲੇ ਦੀਆਂ ਪਰੀਖਿਆਵਾਂ ਨਾਲ ਸਬੰਧਤ ਕਿਤਾਬਾਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ | ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਉਹ ਦਿਨ-ਰਾਤ ਬਟਾਲਾ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਹਨ ਤੇ ਸ਼ਹਿਰ ਵਿਚ ਲੋਕ ਹਿੱਤ ਲਈ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਅੰਮਿ੍ਤ ਕਲਸੀ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਸੀਨੀਅਰ ਆਗੂ ਸੁਭਾਸ਼ ਮਹਿਤਾ, ਮਾਸਟਰ ਤਿਲਕ ਰਾਜ, ਵਿਜੇ ਤਰੇਹਨ, ਗੁਰਪ੍ਰੀਤ ਸਿੰਘ ਗਿੱਲ, ਵਿੱਕੀ ਚੌਹਾਨ, ਵਰੁਣ ਸ਼ਰਮਾ, ਅਮਿਤ ਸੋਢੀ, ਪ੍ਰਦੀਪ ਕੁਮਾਰ, ਵਿੱਕੀ ਫੈਸ਼ਨ ਲੰਡਨ, ਪਵਨ ਕੁਮਾਰ, ਭੱਟੀ ਸਮੇਤ ਨੇੜਲੇ ਵਪਾਰੀ ਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਮੌਜੂਦ ਸਨ |