21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰੱਬ ਆਸਰੇ ਚੱਲ ਰਹੀ ਹੈ ਪਾਵਰਕਾਮ ਸਬ-ਡਵੀਜ਼ਨ ਡੇਰਾ ਬਾਬਾ ਨਾਨਕ

ਅਜੀਤ ਡੈਸਕ 27-03-2026
ਡੇਰਾ ਬਾਬਾ ਨਾਨਕ, 26 ਮਾਰਚ (ਹੀਰਾ ਸਿੰਘ ਮਾਂਗਟ)- ਰੱਬ ਆਸਰੇ ਚੱਲ ਰਹੀ ਹੈ ਸਰਹੱਦੀ ਇਲਾਕੇ ਦੀ ਪਾਵਰਕਾਮ ਸਬ ਡਵੀਜ਼ਨ ਡੇਰਾ ਬਾਬਾ ਨਾਨਕ | ਇਸ ਦੀ ਗੱਲ ਕਰੀਏ ਤਾਂ ਇਸ ਅੰਦਰ ਚਾਰ ਬਿਜਲੀ ਘਰ ਡੇਰਾ ਬਾਬਾ ਨਾਨਕ, ਸ਼ਹਿਜ਼ਾਦਾ, ਸ਼ਾਹਪਰ ਜਾਜਨ ਤੇ ਸ਼ਾਹਪੁਰ ਗੁਰਾਇਆ ਮੌਜੂਦ ਹਨ ਜਿਨ੍ਹਾਂ ਤੋਂ 35 ਫੀਡਰਾਂ ਤੇ 85 ਦੇ ਕਰੀਬ ਪਿੰਡਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ | ਇਥੇ ਹੀ ਬੱਸ ਨਹੀਂ ਡੇਰਾ ਬਾਬਾ ਨਾਨਕ ਅੰਤਰਰਾਸ਼ਟਰੀ ਸਰਹੱਦ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਨੂੰ ਲੈ ਕੇ ਜਿੱਥੇ ਭਾਰਤ ਸਰਕਾਰ ਵਲੋਂ ਕੋਰੀਡੋਰ ਬਣਾਇਆ ਗਿਆ ਹੈ ਜਿਸ ਵਿਚ ਬਾਹਰੋਂ ਆਉਣ ਵਾਲੇ ਤੇ ਪਾਕਿਸਤਾਨ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਭਾਰਤ ਸਰਕਾਰ ਵਲੋਂ ਚੈੱਕ ਪੋਸਟ ਬਣਾ ਕੇ ਏਅਰਪੋਰਟ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖਣਾ ਅਤਿ ਜ਼ਰੂਰੀ ਹੈ | ਡੇਰਾ ਬਾਬਾ ਨਾਨਕ ਨਜ਼ਦੀਕ ਹੀ ਭਾਰਤ-ਪਾਕਿਸਤਾਨ ਸਰਹੱਦ ਹੋਣ ਕਾਰਨ ਦੇਸ਼ ਦੀ ਸੁਰੱਖਿਆ ਲਈ ਇਸ ਅੰਤਰਰਾਸ਼ਟਰੀ ਸਰਹੱਦ 'ਤੇ ਵੀ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰੱਖਣਾ ਅੱਤ ਜ਼ਰੂਰੀ ਹੈ | ਸਬ ਡਵੀਜ਼ਨ ਡੇਰਾ ਬਾਬਾ ਨਾਨਕ ਅੰਦਰ ਹੀ ਬੀ.ਐਸ.ਐਫ. ਤੇ ਭਾਰਤੀ ਫੌਜ ਦੇ ਦੋ ਹੈਡਕੁਆਟਰ ਹੋਣ ਕਾਰਨ ਇਥੇ ਵੀ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖਣਾ ਅਤਿ ਜ਼ਰੂਰੀ ਹੈ | ਸਰਹੱਦੀ ਇਲਾਕੇ ਦੇ ਲੋਕ ਜ਼ਿਆਦਾਤਰ ਖੇਤੀਬਾੜੀ 'ਤੇ ਨਿਰਭਰ ਹੋਣ ਕਾਰਨ ਇਥੇ ਵੀ ਬਿਜਲੀ 24 ਘੰਟੇ ਜ਼ਰੂਰੀ ਹੈ | ਭਾਵੇਂ ਕਿ ਪਾਵਰਕਾਮ ਡੇਰਾ ਬਾਬਾ ਨਾਨਕ ਅੰਦਰ ਡਿਊਟੀ ਨਿਭਾ ਰਹੇ ਸਾਰੇ ਅਧਿਕਾਰੀ ਤੇ ਕਰਮਚਾਰੀ ਇਮਾਨਦਾਰ ਤੇ ਮਿਹਨਤੀ ਹੋਣ ਕਾਰਨ ਇਨ੍ਹਾਂ ਵਲੋਂ ਇਸ ਸਰਹੱਦੀ ਇਲਾਕੇ ਅੰਦਰ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ ਪਰ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਅੰਦਰ ਮੁਲਾਜ਼ਮਾਂ ਦੀ ਵੱਡੀ ਘਾਟ ਹੋਣ ਕਾਰਨ ਕਿਤੇ ਨਾ ਕਿਤੇ ਇਸ ਘਾਟ ਦਾ ਖਮਿਆਜ਼ਾ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਜ਼ਰੂਰ ਭੁਗਤਣਾ ਪੈਂਦਾ ਹੈ | ਇਸ ਸਬੰਧੀ ਜਦ ਪਾਵਰਕਾਮ ਡੇਰਾ ਬਾਬਾ ਨਾਨਕ ਦੇ ਐਸ.ਡੀ.ਓ. ਜਗਦੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਸਿਰਫ 30 ਫ਼ੀਸਦੀ ਆਸਾਮੀਆਂ ਹੀ ਭਰੀਆਂ ਹੋਈਆਂ ਹਨ ਜਦਕਿ 70 ਫ਼ੀਸਦੀ ਖਾਲੀ ਪਈਆਂ ਹਨ | ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਇਥੇ ਮੌਜੂਦ ਵੱਖ-ਵੱਖ ਅਧਿਕਾਰੀਆਂ ਦੀਆਂ ਕੁੱਲ 132 ਵਿਚੋਂ 87 ਅਸਾਮੀਆਂ ਖਾਲੀ ਹਨ | ਪਾਵਰਕਾਮ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਲਾਇਨਮੈਨਾਂ ਦੀਆਂ 34 ਵਿਚੋਂ 12, ਸਹਾਇਕ ਲਾਇਨਮੈਨਾਂ ਦੀਆਂ 66 ਵਿਚੋਂ 61, ਆਰ.ਏ. ਦੀ 1, ਡੀ.ਡੀ.ਐਲ. ਦੀ 1, ਐਲ.ਡੀ.ਸੀ. ਦੀਆਂ 8 ਵਿਚੋਂ 5, ਐਮ.ਆਰ. ਦੀਆਂ 2, ਬੀ.ਡੀ. ਤੇ ਡੀਆਰ ਦੀ 1-1 ਆਸਾਮੀਆਂ ਖਾਲੀ ਹਨ ਜਿਸ ਕਰ ਕੇ ਇਥੇ ਮੁਲਾਜ਼ਮਾਂ ਦੀ ਵੱਡੀ ਘਾਟ ਹੋਣ ਕਾਰਨ ਇੱਥੇ ਹੜ੍ਹਾਂ ਤੇ ਝੱਖੜ-ਹਨੇਰੀਆਂ ਵਰਗੀਆਂ ਕੁਦਰਤੀ ਆਫਤਾਂ ਆਉਣ ਮੌਕੇ ਕਈ-ਕਈ ਦਿਨ ਬਿਜਲੀ ਗੁੱਲ ਰਹਿੰਦੀ ਹੈ, ਜਿਸ ਦਾ ਖਮਿਆਜ਼ਾ ਇਸ ਸਰਹੱਦੀ ਇਲਾਕੇ ਦੇ ਲੋਕਾਂ ਤੇ ਇਥੇ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ ਹੈ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਪਾਵਰਕਾਮ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸਬ-ਡਵੀਜ਼ਨ ਡੇਰਾ ਬਾਬਾ ਨਾਨਕ ਵਿਖੇ ਮੁਲਾਜ਼ਮਾਂ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਏ.ਸੀ. ਕਮਰਿਆਂ ਵਿਚ ਬੈਠ ਕੇ ਪਾਲਸੀਆਂ ਬਣਾਉਣ ਦੀ ਬਜਾਏ ਜ਼ਮੀਨੀ ਪੱਧਰ 'ਤੇ ਵਿਚਰ ਕੇ ਇਨ੍ਹਾਂ ਤਰੁਟੀਆਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਇਸ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ |
ਪਿਛਲੀ ਖ਼ਬਰ ਭਿ੍ਸ਼ਟਾਚਾਰ ਦੀਆਂ ਪਰਤਾਂ ਖੁੱਲ੍ਹਣ ਦੇ ਡਰੋਂ ਸੀ.ਬੀ.ਆਈ. ਜਾਂਚ ਤੋਂ ਭੱਜ ਰਹੀ ਪੰਜਾਬ ਸਰਕਾਰ : ਯਾਦਵਿੰਦਰ ਸਿੰਘ ਬੁੱਟਰ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਅੱਜ ਅਕਾਲੀ ਦਲ (ਬ) ਦੀ ਹੋਣ ਜਾ ਰਹੀ ਰੈਲੀ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ : ਰਾਜਨਬੀਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।