ਦੀਨਾਨਗਰ, 26 ਮਾਰਚ (ਸ਼ਾਮ ਸਿੰਘ ਘੁੰਮਣ)- ਬਰਸਾਤੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਦੀਨਾਨਗਰ ਦੇ ਨਾਲ ਲੱਗਦੇ ਪਿੰਡਾਂ ਅਵਾਂਖਾ ਅਤੇ ਕੋਹਲੀਆਂ ਦੇ ਅਨੇਕਾਂ ਕਿਸਾਨ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਦੀ ਸੈਂਕੜੇ ਏਕੜ ਜ਼ਮੀਨ ਸੇਮ ਦੀ ਲਪੇਟ ਵਿਚ ਆਉਣ ਕਾਰਨ ਬਰਬਾਦ ਹੋ ਰਹੀ ਹੈ | ਪਿੰਡ ਅਵਾਂਖਾ ਦੇ ਕਿਸਾਨ ਸੋਨੂੰ ਠਾਕੁਰ, ਸੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਵਿਜੇ ਸਿੰਘ, ਕਰਨੈਲ ਸਿੰਘ ਤੇ ਕਿਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਅਵਾਂਖਾ ਅਤੇ ਕੋਹਲੀਆਂ ਦੇ ਕਰੀਬ 150 ਏਕੜ ਰਕਬੇ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਜਾਂ ਤਾਂ ਫ਼ਸਲਾਂ ਦੀ ਬਿਜਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਜਾਂ ਬੀਜੀਆਂ ਹੋਈਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੰਘੇ ਝੋਨੇ ਦੇ ਸੀਜ਼ਨ ਦੌਰਾਨ ਭਾਰੀ ਬਰਸਾਤਾਂ ਹੋਣ ਕਾਰਨ ਉਨ੍ਹਾਂ ਨੂੰ ਝੋਨੇ ਦੀ ਫ਼ਸਲ ਦੀ ਕਟਾਈ 'ਚ ਤਾਂ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਹੀ ਪਿਆ ਸੀ, ਸਗੋਂ ਜ਼ਮੀਨ 'ਚ ਸੇਮ ਆ ਜਾਣ ਕਾਰਨ ਉਸ ਮਗਰੋਂ ਕਣਕ ਤੇ ਚਾਰੇ ਦੀਆਂ ਫ਼ਸਲਾਂ ਦੀ ਬਿਜਾਈ ਵੀ ਨਹੀਂ ਸੀ ਹੋ ਸਕੀ ਤੇ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਖ਼ਾਲੀ ਪਈ ਰਹਿ ਗਈ | ਕਿਸਾਨਾਂ ਨੇ ਕਿਹਾ ਕਿ ਕੋਹਲੀਆਂ ਪਿੰਡ ਦੀ ਹੱਦ ਤੋਂ ਹੀ ਕਿਰਨ ਨਾਲਾ ਸ਼ੁਰੂ ਹੁੰਦਾ ਹੈ ਜੋ ਅੱਗੇ ਜਾ ਕੇ ਰਾਵੀ ਦਰਿਆ ਵਿਚ ਮਿਲਦਾ ਹੈ | ਅਜਿਹੇ ਵਿਚ ਜੇਕਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਜ਼ਮੀਨਾਂ 'ਚੋਂ ਸੇਮ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਹੀ ਪ੍ਰਬੰਧ ਕਰਕੇ ਇਹ ਪਾਣੀ ਕਿਰਨ ਨਾਲੇ 'ਚ ਸੁੱਟਿਆ ਜਾਵੇ ਤਾਂ ਉਨ੍ਹਾਂ ਦੇ ਪਿੰਡਾਂ ਦੀ ਇਹ ਖ਼ਾਲੀ ਪਈ ਕਰੀਬ 150 ਏਕੜ ਜ਼ਮੀਨ ਮੁੜ ਤੋਂ ਆਬਾਦ ਹੋ ਸਕਦੀ ਹੈ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮੁਸ਼ਕਿਲ ਨੂੰ ਲੈ ਕੇ ਸਰਕਾਰੇ ਦਰਬਾਰੇ ਕਈ ਵਾਰ ਚਿੱਠੀ ਪੱਤਰ ਕਰਨ ਦੇ ਇਲਾਵਾ ਅਧਿਕਾਰੀਆਂ ਤੇ ਰਾਜਨੀਤਿਕ ਆਗੂਆਂ ਕੋਲ ਵੀ ਸੇਮ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਹੀ ਪ੍ਰਬੰਧ ਕਰਨ ਦੀ ਮੰਗ ਰੱਖੀ ਗਈ ਹੈ ਪਰ ਕਦੇ ਵੀ ਕਿਸੇ ਨੇ ਕਿਸਾਨਾਂ ਦੀ ਇਸ ਮੁਸ਼ਕਿਲ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਦਾ ਵਿੱਤੀ ਨੁਕਸਾਨ ਹੋਣ ਦੇ ਨਾਲ-ਨਾਲ ਉਹ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੀ ਇਸ ਸਮੱਸਿਆ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਸੇਮ ਕਾਰਨ ਖ਼ਾਲੀ ਪਈਆਂ ਜ਼ਮੀਨਾਂ ਮੁੜ ਤੋਂ ਵਾਹੀਯੋਗ ਹੋ ਸਕਣ |