ਨਰੋਟ ਜੈਮਲ ਸਿੰਘ, 25 ਮਾਰਚ (ਸ਼ਸ਼ੀ ਕੁਮਾਰ)- ਸਬ ਤਹਿਸੀਲ ਤੇ ਨਗਰ ਪੰਚਾਇਤ ਦਾ ਦਰਜਾ ਰੱਖਣ ਵਾਲਾ ਕਸਬਾ ਨਰੋਟ ਜੈਮਲ ਸਿੰਘ ਦੇ ਬੱਸ ਅੱਡੇ ਦੀ ਇਮਾਰਤ ਬਿਲਕੁਲ ਖੰਡਰ ਬਣ ਚੁੱਕੀ ਹੈ ਤੇ ਜਿਸ ਵਿਚ ਅਜਿਹੀ ਕੋਈ ਵੀ ਵਿਵਸਥਾ ਨਹੀਂ ਹੈ, ਜੋ ਬੱਸ ਅੱਡੇ ਵਿਚ ਹੁੰਦੀ ਹੈ | ਪਖ਼ਾਨਿਆਂ ਨੂੰ ਤਾਲੇ ਲੱਗੇ ਹੋਏ ਹਨ ਜਿਸ ਕਰਕੇ ਲੋਕ ਬੱਸ ਅੱਡੇ ਦੀ ਬਿਲਡਿੰਗ ਦੇ ਸੱਜੇ ਖੱਬੇ ਉੱਘੀਆਂ ਜੜ੍ਹੀ ਬੂਟੀਆਂ 'ਚ ਬਾਥਰੂਮ ਕਰਨ ਲਈ ਮਜਬੂਰ ਹਨ | ਬੱਸ ਅੱਡੇ ਵਿਚ ਉਡੀਕ ਘਰ 'ਚ ਠਹਿਰਨ ਦੀ ਵਿਵਸਥਾ ਨਾ ਹੋਣ ਕਰਕੇ ਲੋਕ ਇੱਧਰ ਉੱਧਰ ਖੱਜਲ ਖ਼ੁਆਰ ਹੁੰਦੇ ਹੋਏ | ਆਪਣੀ ਮੰਜ਼ਿਲ 'ਤੇ ਜਾਣ ਲਈ ਬੱਸਾਂ ਦੀ ਉਡੀਕ ਖੁੱਲੇ੍ਹ ਮੈਦਾਨ ਵਿਚ ਕਰਦੇ ਹਨ | ਜੇਕਰ ਮੀਂਹ ਦਾ ਮੌਸਮ ਹੁੰਦਾ ਹੈ ਤਾਂ ਯਾਤਰੀ ਬਦਬੂ ਭਰੇ ਵਾਤਾਵਰਨ 'ਚ ਮਜਬੂਰ ਹੁੰਦੇ ਹੋਏ ਖੰਡਰ ਰੂਪੀ ਬੱਸ ਅੱਡੇ 'ਤੇ ਰੁਕਦੇ ਹਨ ਪਰ ਬਲਾਕ ਵਿਕਾਸ ਪੰਚਾਇਤ ਦਫ਼ਤਰ ਨਰੋਟ ਜੈਮਲ ਸਿੰਘ ਵਲੋਂ ਇਸ ਖੰਡਰ ਰੂਪੀ ਬੱਸ ਅੱਡੇ ਦੀ ਬੋਲੀ ਕਰਵਾ ਕੇ ਬੱਸ ਮਾਲਕਾਂ ਤੇ ਦੂਸਰੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਕੋਲੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ | ਬੱਸ ਅੱਡੇ ਦੀ ਸਫ਼ਾਈ ਕਰਵਾ ਕੇ ਇਸ ਦੇ ਪਖ਼ਾਨੇ ਸੁਚਾਰੂ ਢੰਗ ਨਾਲ ਚਲਾ ਕੇ ਬੱਸ ਅੱਡੇ ਨੂੰ ਬੱਸ ਅੱਡੇ ਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਫਿਰ ਬੋਲੀ ਕਰਵਾਉਣੀ ਚਾਹੀਦੀ ਹੈ ਜਾਂ ਪ੍ਰਸ਼ਾਸਨ ਨੂੰ ਟੈਂਡਰ ਵਸੂਲੀ ਰਕਮ ਨੂੰ ਖ਼ਰਚ ਕਰਕੇ ਬੱਸ ਅੱਡੇ ਦੀ ਹਾਲਤ ਸੁਧਾਰਨੀ ਚਾਹੀਦੀ ਹੈ | ਪ੍ਰਸ਼ਾਸਨ ਸਭ ਕੁਝ ਦੇਖਦਾ ਹੋਇਆ ਕੁੰਭ ਕਰਨੀ ਨੀਂਦ ਸੌਂ ਰਿਹਾ | ਸਥਾਨਕ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਨਰੋਟ ਜੈਮਲ ਸਿੰਘ ਬੱਸ ਸਟੈਂਡ ਦੀ ਹਾਲਤ ਵਿਚ ਸੁਧਾਰ ਦੀ ਮੰਗ ਕੀਤੀ ਜਾ ਰਹੀ ਹੈ | ਸਥਾਨਿਕ ਲੋਕਾਂ ਦੇ ਨਾਲ-ਨਾਲ ਆਟੋ ਯੂਨੀਅਨ ਦੇ ਪ੍ਰਧਾਨ ਰਿੰਪਾ, ਬਿੱਟੂ, ਦਲਬੀਰ ਚੰਦ, ਪੰਕਜ, ਗੌਰਵ, ਮਨੋਹਰ ਲਾਲ, ਰਿੰਕਾ, ਬਿੱਲਾ, ਸਾਬੂ, ਚਤਰ, ਬਿੱਟੂ, ਸ਼ੀਲਾ ਅਤੇ ਲਾਲੀ ਆਦਿ ਨੇ ਕਿਹਾ ਕਿ ਨਰੋਟ ਜੈਮਲ ਸਿੰਘ ਬੱਸ ਸਟੈਂਡ 'ਤੇ ਹੋਰ ਸਹੂਲਤਾਂ ਤਾਂ ਦੂਰ ਦੀ ਗੱਲ ਹੈ | ਹਵਾ ਅਤੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ | ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਜਿਸ ਕਾਰਨ ਪੱਖੇ ਆਦਿ ਨਹੀਂ ਚੱਲਦੇ ਜਾਂ ਖ਼ਰਾਬ ਹੋ ਗਏ ਹਨ ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ | ਇਨ੍ਹਾਂ ਸਹੂਲਤਾਂ ਦੀ ਘਾਟ ਕਾਰਨ ਬੱਸ ਸਟੈਂਡ 'ਤੇ ਆਉਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੱਸ ਸਟੈਂਡ ਦੀ ਇਮਾਰਤ ਦੀ ਛੱਤ 'ਤੇ ਉੱਗੀਆਂ ਝਾੜੀਆਂ ਅਤੇ ਪਰਿਸਰ ਵਿਚ ਫੈਲੀ ਗੰਦਗੀ ਹੀ ਬੱਸ ਸਟੈਂਡ ਦੀ ਕਹਾਣੀ ਦੱਸਦੀ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਬੱਸ ਸਟੈਂਡ ਸਿਰਫ਼ ਨਾਮ ਦਾ ਬੱਸ ਸਟੈਂਡ ਹੈ | ਇਹ ਲਗਪਗ 16-17 ਸਾਲ ਪਹਿਲਾਂ ਬਣਾਇਆ ਗਿਆ ਸੀ | ਇਸ ਸਮੇਂ ਦੌਰਾਨ ਬੱਸ ਸਟੈਂਡ ਵਿਚ ਇਕ ਪੈਸੇ ਦਾ ਵੀ ਵਿਕਾਸ ਕਾਰਜ ਨਹੀਂ ਕੀਤਾ ਗਿਆ |