ਪਠਾਨਕੋਟ, 25 ਮਾਰਚ (ਸੁਮਿਤ)-ਮਾਡਲ ਟਾਊਨ ਨੂੰ ਜਾਣ ਵਾਲੇ ਰਸਤੇ 'ਤੇ ਸੜਕ ਦੇ ਵਿਚਕਾਰੋਂ ਟੁੱਟੇ ਸੀਵਰੇਜ ਦੇ ਮੇਨਹੋਲ ਦੇ ਢੱਕਣ ਕਾਰਨ ਨਾ ਸਿਰਫ਼ ਪੈਦਲ ਚੱਲਣ ਵਾਲੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਸਗੋਂ ਦੂਸ਼ਿਤ ਵਾਤਾਵਰਨ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ | ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਮੁੱਖ ਸੜਕ ਵਿਚਕਾਰ ਸੀਵਰੇਜ ਦਾ ਢੱਕਣ ਟੁੱਟਿਆ ਹੋਇਆ ਹੈ ਜਿਸ ਦੀ ਕਈ ਵਾਰ ਆਪਣੇ ਖ਼ਰਚੇ 'ਤੇ ਮੁਰੰਮਤ ਕੀਤੀ ਗਈ ਤੇ ਸੀਮੈਂਟ ਦੀਆਂ ਸਲੈਬਾਂ ਵੀ ਵਿਛਾਈਆਂ ਗਈਆਂ | ਇਸ ਸੰਬੰਧੀ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਅੱਜ ਤੱਕ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਨਿਕਲਿਆ | ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਰੋਕਣ ਲਈ ਦੁਕਾਨਦਾਰਾਂ ਨੇ ਇਸ ਦੇ ਆਲੇ-ਦੁਆਲੇ ਲੱਕੜ ਦੇ ਬੈਂਚ ਅਤੇ ਹੋਰ ਸਾਮਾਨ ਵੀ ਰੱਖਿਆ ਹੋਇਆ ਹੈ ਪਰ ਫਿਰ ਵੀ ਰਾਤ ਸਮੇਂ ਕਿਸੇ ਨਾ ਕਿਸੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਮੰਗ ਕੀਤੀ ਹੈ |