ਨਿੱਕੇ ਘੁੰਮਣ/ਨੌਸ਼ਹਿਰਾ ਮੱਝਾ ਸਿੰਘ, 21 ਜਨਵਰੀ (ਸਤਬੀਰ ਸਿੰਘ ਘੁੰਮਣ, ਰਵੀ ਭਗਤ)-ਦੀ ਰੈਵਨਿਊ ਪਟਵਾਰ ਯੂਨੀਅਨ ਤੇ ਦੀ ਰੈਵੀਨਿਊ ਯੂਨੀਅਨ ਕਾਨੂੰਗੋ ਜ਼ਿਲ੍ਹਾ ਗੁਰਦਾਸਪੁਰ ਦੀ ਤਾਲਮੇਲ ਸੰਯੁਕਤ ਕਮੇਟੀ ਦੇ ਸੱਦੇ 'ਤੇ ਬੀਤੇ ਦਿਨੀਂ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਪਿੰਡ ਕਲੇਰ ਖੁਰਦ ਵਿਖੇ ਦਖ਼ਲ ਦੇਣ ਗਏ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦੇ ਅਧਿਕਾਰੀ 'ਤੇ ਕਾਬਜ਼ ਧਿਰ ਵਲੋਂ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਹੋਣ ਤੋਂ ਬਅਦ ਵੀ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਕਰਨ ਦੇ ਰੋਸ ਵਜੋਂ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਉਕਤ ਵਾਪਰੀ ਘਟਨਾ ਦੀ ਸਖਤ ਨਿੰਦਾ ਕਰਦੇ ਹੋਏ ਪੁਲਿਸ ਦੇ ਢਿੱਲੇ ਰਵੱਈਏ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਡਿਊਟੀ ਨਿਭਾਉਂਦੇ ਮੁਲਾਜ਼ਮਾਂ 'ਤੇ ਕਾਬਜ਼ ਧਿਰ ਵਲੋਂ ਗੋਲੀਆਂ ਨਾਲ ਹਮਲਾ ਕਰਨਾ ਕਾਨੂੰਨ ਵਿਵਸਥਾ ਲਈ ਗੰਭੀਰ ਚੁਣੌਤੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਸਰੁੱਖਿਆਂ ਨੂੰ ਯਕੀਨੀ ਬਣਾਇਆ ਜਾਵੇ | ਜੇਕਰ 26 ਜਨਵਰੀ ਤੱਕ ਇਨਸਾਫ ਨਾ ਮਿਲਿਆ ਤਾਂ 27 ਜਨਵਰੀ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਾਹਮਣੇ ਜ਼ਿਲ੍ਹਾ ਪੱਧਰੀ ਧਰਨਾ ਲਾ ਕੇ ਸੰਘਰਸ ਨੂੰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹਰਸਿਮਰਤ ਸਿੰਘ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਰਜਿੰਦਰ ਸਿੰਘ ਨੱਤ ਜ਼ਿਲ੍ਹਾ ਪ੍ਰਧਾਨ ਕਾਨੂੰਗੋ ਯੂਨੀਅਨ ਗੁਰਦਾਸਪੁਰ, ਬਲਜੀਤ ਸਿੰਘ ਨੱਤ ਕਾਨੂੰਗੋ ਜ਼ਿਲ੍ਹਾ ਮੀਤ ਪ੍ਰਧਾਨ ਪੰਜਾਬ, ਰਮੇਸ਼ ਕੁਮਾਰ ਕਾਨੂੰਗੋ, ਪਰਮਿੰਦਰ ਸਿੰਘ ਬਾਠ ਪ੍ਰਧਾਨ ਪਟਵਾਰ ਯੂਨੀਅਨ ਬਟਾਲਾ, ਮਨਜੀਤ ਸਿੰਘ ਬਾਜਵਾ ਪ੍ਰਧਾਨ ਪਟਵਾਰ ਯੂਨੀਅਨ ਗੁਰਦਾਸਪੁਰ, ਗੁਲਾਬ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਦੀਨਾਨਗਰ, ਸਤਿੰਦਰਪਾਲ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਡੇਰਾ ਬਾਬਾ ਨਾਨਕ, ਦੀਪਕ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਫਤਹਿਗੜ੍ਹ ਚੂੜੀਆਂ, ਸੰਜੀਵ ਕੁਮਾਰ ਪਟਵਾਰੀ, ਗੁਰਪ੍ਰੀਤ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ ਆਦਿ ਸ਼ਾਮਿਲ ਸਨ | ਇਸ ਘਟਨਾ ਸਬੰਧੀ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕਿਸੇ ਵੀ ਛੋਟੇ-ਵੱਡੇ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ |