ਪਠਾਨਕੋਟ, 21 ਜਨਵਰੀ (ਸੰਧੂ)-ਬੱਚਿਆਂ ਦੀ ਸੁਰੱਖਿਆ ਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵਲੋਂ ਸਕੂਲੀ ਬੱਚਿਆਂ ਨੂੰ ਲਿਜਾਣ ਲਈ ਵਰਤੀਆਂ ਜਾਣ ਵਾਲੀਆਂ ਸਕੂਲ ਬੱਸਾਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਸ ਦਾ ਮੁੱਖ ਉਦੇਸ਼ ਸਕੂਲੀ ਆਵਾਜਾਈ ਦੌਰਾਨ ਬੱਚਿਆਂ ਦੀ ਸਾਂਭ ਸੰਭਾਲ ਤੇ ਜਾਨੀ ਸੁਰੱਖਿਆ ਨਾਲ ਸਬੰਧਿਤ ਸਾਰੇ ਨਿਯਮਾਂ ਦੀ ਪਾਲਨਾ ਕਰਨਾ ਯਕੀਨੀ ਬਣਾਉਣਾ ਹੈ | ਚੈਕਿੰਗ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਬੱਸਾਂ ਦੀ ਫਿਟਨੈੱਸ ਹਾਲਤ, ਰਜਿਸਟ੍ਰੇਸ਼ਨ ਅਤੇ ਇੰਸ਼ੋਰੈਂਸ ਦਸਤਾਵੇਜ਼, ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ, ਡਰਾਈਵਰਾਂ ਤੇ ਹੈਲਪਰਾਂ ਦੀ ਪੁਲਿਸ ਵੈਰੀਫਿਕੇਸ਼ਨ, ਬੱਸ ਵਿਚ ਹੈਲਪਰ ਦੀ ਉਪਲਬਧਤਾ, ਫਸਟ ਏਡ ਬਾਕਸ, ਅੱਗ ਬੁਝਾਊ ਵਾਲਾ ਉਪਕਰਨ, ਸਪੀਡ ਗਵਰਨਰ, ਸੀ.ਸੀ.ਟੀ.ਵੀ., ਬੱਸ ਦੇ ਦਰਵਾਜ਼ਿਆਂ ਤੇ ਸੀਟਾਂ ਦੀ ਸੁਰੱਖਿਆ ਤੇ ਬੱਚਿਆਂ ਦੀ ਸਹੂਲਤ ਲਈ ਜ਼ਰੂਰੀ ਸਾਰੇ ਪ੍ਰਬੰਧਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਚੈਕਿੰਗ ਦੌਰਾਨ ਜਿੱਥੇ ਵੀ ਕੁਝ ਘਾਟਾਂ ਜਾਂ ਨਿਯਮਾਂ ਦੀ ਉਲੰਘਣਾ ਪਾਈ ਗਈ, ਉੱਥੇ ਸਕੂਲ ਪ੍ਰਬੰਧਕਾਂ ਤੇ ਬੱਸ ਸਟਾਫ਼ ਨੂੰ ਤੁਰੰਤ ਸੁਧਾਰ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਊਸ਼ਾ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੀਆਂ ਚੈਕਿੰਗ ਮੁਹਿੰਮਾਂ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ, ਤਾਂ ਜੋ ਜ਼ਿਲ੍ਹੇ ਵਿਚ ਸਕੂਲ ਬੱਸਾਂ ਰਾਹੀਂ ਯਾਤਰਾ ਕਰਨ ਵਾਲੇ ਸਾਰੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾ ਸਕੇ | ਆਖ਼ਰ ਵਿਚ ਮਾਪਿਆਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਸਕੂਲ ਬੱਸ ਵਿਚ ਬੱਚਿਆਂ ਦੀ ਸੁਰੱਖਿਆ ਸਬੰਧੀ ਕੋਈ ਕਮੀ ਜਾਂ ਲਾਪ੍ਰਵਾਹੀ ਨਜ਼ਰ ਆਵੇ, ਤਾਂ ਤੁਰੰਤ ਸਬੰਧਿਤ ਸਕੂਲ ਪ੍ਰਬੰਧਨ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (43ਪੀ) ਪਠਾਨਕੋਟ ਦੇ ਕਮਰਾ ਨੰ-219 ਵਿਖੇ ਸੂਚਿਤ ਕੀਤਾ ਜਾਵੇ |