ਪਠਾਨਕੋਟ, 21 ਜਨਵਰੀ (ਸੰਧੂ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਰਾਜ ਵਿਚ ਪ੍ਰਸ਼ਾਸਕੀ ਤੇ ਸੰਗਠਨਾਤਮਿਕ ਪੱਧਰ 'ਤੇ ਨਿਯੁਕਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਦੇ ਪਠਾਨਕੋਟ ਤੋਂ ਕਰਮਠ ਨੇਤਾ ਸੌਰਭ ਬਹਿਲ ਨੂੰ ਇੰਪਰੂਵਮੈਂਟ ਟਰੱਸਟ ਪਠਾਨਕੋਟ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹੇ ਦੇ 'ਆਪ' ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਸੌਰਭ ਬਹਿਲ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਚੇਅਰਮੈਨ ਬਣਨ ਦੀ ਖ਼ਬਰ ਸਾਹਮਣੇ ਆਉਂਦੇ ਹੀ ਸੌਰਭ ਬਹਿਲ ਦੇ ਨਿਵਾਸ ਤੇ ਪਾਰਟੀ ਦਫ਼ਤਰ 'ਤੇ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ | ਵਰਕਰਾਂ ਨੇ ਢੋਲ-ਧਮਾਕਿਆਂ ਨਾਲ ਅਤੇ ਲੱਡੂ ਵੰਡ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਪਾਰਟੀ ਦੇ ਸਥਾਨਕ ਆਗੂਆਂ ਨੇ ਕਿਹਾ ਕਿ ਸੌਰਵ ਬਹਿਲ ਦੀ ਨਿਯੁਕਤੀ ਨਾਲ ਨਾ ਸਿਰਫ਼ ਵਰਕਰਾਂ ਦਾ ਮਨੋਬਲ ਵਧਿਆ ਹੈ, ਸਗੋਂ ਪਠਾਨਕੋਟ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਵੀ ਹੁਣ ਨਵੀਂ ਰਫ਼ਤਾਰ ਮਿਲੇਗੀ |