ਰਾਜਪੁਰਾ, 26 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਸਥਾਨਕ ਗਗਨ ਚੌਂਕ ਨੇੜੇ ਨਾਕਾਬੰਦੀ ਦੌਰਾਨ ਇਕ ਟਰੱਕ ਚਾਲਕ ’ਚ 300 ਪੇਟੀਆਂ ਅੰਗਰੇਜ਼ੀ ਸ਼ਰਾਬ ਦੇ ਪਊਏ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਸਥਾਨਕ ਚੌਂਕੀ ਬੱਸ ਅੱਡਾ ਦੀ ਪੁਲਿਸ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਸਥਾਨਕ ਗਗਨ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਨਾਕਾਬੰਦੀ ਦੌਰਾਨ ਇਕ ਟਰੱਕ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਟਰੱਕ ਵਿਚੋਂ 200 ਪੇਟੀਆਂ ਮਾਰਕਾ ਰੋਇਲ ਚੈਲੇਂਜ ਚੰਡੀਗੜ੍ਹ ਦੇ ਪਊਏ ਅਤੇ 100 ਪੇਟੀਆਂ ਮਾਰਕਾ ਆਲ ਸੀਜ਼ਨ ਚੰਡੀਗੜ੍ਹ ’ਚ ਵਿਕਣਯੋਗ ਦੇ ਪਊਏ ਬਰਾਮਦ ਹੋਏ। ਥਾਣਾ ਸ਼ਹਿਰੀ ਦੀ ਪੁਲਿਸ ਨੇ ਤੁਰੰਤ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਉਸ ਦੇ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਪੁੱਛਗਿੱਛ ’ਚ ਉਕਤ ਟਰੱਕ ਚਾਲਕ ਨੇ ਆਪਣੀ ਪਹਿਚਾਣ ਪਵਨ ਕੁਮਾਰ ਵਾਸੀ ਪਿੰਡ ਗੋਸਾਈਂਵਾਲਾ ਜ਼ਿਲ੍ਹਾ ਸਿਰਸਾ ਹਰਿਆਣਾ ਵਜੋਂ ਦੱਸੀ। ਸ਼ਹਿਰੀ ਪੁਲਿਸ ਨੇ ਪਵਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।