10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਾਬਕਾ ਵਿਧਾਇਕ ਨਾਗਰਾ ਨੇ ਸਰਕਾਰ ’ਤੇ ਵਿਕਾਸ ਦੇ ਵਾਅਦੇ ਭੁੱਲਣ ਦੇ ਲਗਾਏ ਦੋਸ਼

ਅਜੀਤ ਡੈਸਕ 15-07-2026
ਜਖਵਾਲੀ, 14 ਜੁਲਾਈ (ਨਿਰਭੈ ਸਿੰਘ)-ਪਟਿਆਲਾ-ਸਰਹਿੰਦ ਮਾਰਗ ’ਤੇ ਸਥਿਤ ਪਿੰਡ ਨੰਦਪੁਰ ਕੇਸੋਂ, ਹੱਲੋਤਾਲੀ ਤੋਂ ਹੁੰਦੀ ਹੋਈ ਪਿੰਡ ਆਕੜ ਵਾਲੀ ਸੜਕ ਹਾਲਤ ਬਦ ਤੋਂ ਬਦਤਰ ਹੋਣ ਕਰਕੇ ਇਲਾਕੇ ਦੇ ਲੋਕਾਂ ਦਾ ਗ਼ੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਰੋਜ਼ਾਨਾ ਇਸ ਰਾਹ ਤੋਂ ਲੰਘਣ ਵਾਲੇ ਲੋਕ, ਵਿਦਿਆਰਥੀ, ਬਜ਼ੁਰਗ ਅਤੇ ਦੋਪਹੀਆ ਵਾਹਨ ਚਾਲਕ ਜਾਨ ਜੋਖ਼ਮ ਵਿਚ ਪਾ ਕੇ ਸਫ਼ਰ ਕਰਨ ਲਈ ਮਜਬੂਰ ਹਨ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਚਾਰ ਮਹੀਨੇ ਪਹਿਲਾਂ ਇਸ ਸੜਕ ਦੇ ਨਿਰਮਾਣ ਲਈ ਵੱਡੇ ਸਮਾਗਮ ਦੌਰਾਨ ਨੀਂਹ ਪੱਥਰ ਤਾਂ ਰੱਖ ਦਿੱਤਾ ਗਿਆ, ਪਰ ਉਸ ਤੋਂ ਬਾਅਦ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਇਆ। ਇਸ ਮਾਮਲੇ ਸਬੰਧੀ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਦੂਜੇ ਪਾਸੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ, ਪਰ ਅੱਜ ਤੱਕ ਸੜਕ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਇਹ ਸੜਕ ਪਟਿਆਲਾ ਰੋਡ ਤੋਂ ਨੰਦਪੁਰ ਕੇਸੋਂ ਰਾਹੀਂ ਰਾਜਪੁਰਾ ਵੱਲ ਜਾਂਦੀ ਇਕ ਮਹੱਤਵਪੂਰਨ ਲਿੰਕ ਸੜਕ ਹੈ। ਇਸ ਰਸਤੇ ਨਾਲ ਕਈ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਸਕੂਲੀ ਵਿਦਿਆਰਥੀ ਵੀ ਆਵਾਜਾਈ ਕਰਦੇ ਹਨ। ਸੜਕ ਵਿਚ ਡੂੰਘੇ ਖੱਡੇ ਪੈ ਜਾਣ ਕਾਰਨ ਆਏ ਦਿਨ ਬਾਈਕ ਸਵਾਰ, ਬਜ਼ੁਰਗ ਅਤੇ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਬਰਸਾਤ ਦੇ ਦਿਨਾਂ ਵਿਚ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਟੁੱਟੀ ਸੜਕ ਕਾਰਨ ਹੁਣ ਉਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਵੀ ਪ੍ਰਭਾਵਿਤ ਹੋ ਰਹੇ ਹਨ। ਬਾਹਰੋਂ ਆਉਣ ਵਾਲੇ ਪਰਿਵਾਰ ਪਿੰਡ ਦੀ ਸੜਕ ਦੀ ਮਾੜੀ ਹਾਲਤ ਦੇਖ ਕੇ ਆਪਣੀਆਂ ਧੀਆਂ ਦਾ ਰਿਸ਼ਤਾ ਕਰਨ ਤੋਂ ਵੀ ਗੁਰੇਜ਼ ਕਰਦੇ ਹਨ। ਸੜਕ ਦੀ ਬਦਹਾਲੀ ਨੇ ਪਿੰਡ ਦੀ ਸਮਾਜਿਕ ਅਤੇ ਆਰਥਿਕ ਸਥਿਤੀ ’ਤੇ ਵੀ ਨਕਾਰਾਤਮਿਕ ਪ੍ਰਭਾਵ ਪਾਇਆ ਹੈ।
ਪਿੰਡ ਹੱਲੋਤਾਲੀ ਦੇ ਨਿਵਾਸੀਆਂ ਨੇ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵਾਅਦੇ ਸਿਰਫ਼ ਐਲਾਨਾਂ ਤੱਕ ਹੀ ਸੀਮਤ ਰਹਿ ਗਏ ਹਨ ਅਤੇ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ। ਪਿੰਡ ਹੱਲੋਤਾਲੀ ਦੇ ਸਮੂਹ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਬਿਨਾਂ ਹੋਰ ਦੇਰੀ ਤੋਂ ਤੁਰੰਤ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਦੀਆਂ ਮੁਸ਼ਕਿਲਾਂ, ਹਾਦਸਿਆਂ ਦੇ ਖਤਰੇ ਅਤੇ ਨਰਕ ਭਰੀ ਜ਼ਿੰਦਗੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਗੁਰਭੇਜ ਸਿੰਘ ਰਾਏ, ਸੁਖਵਿੰਦਰ ਸਿੰਘ ਕਾਲਾ, ਗੁਰਲਾਲ ਸਿੰਘ ਲਾਲੀ, ਐੱਸ. ਸੈੱਲ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ ਨੰਬਰਦਾਰ, ਰਣਜੀਤ ਸਿੰਘ ਰਾਜੂ, ਹਰਿੰਦਰ ਸਿੰਘ ਮੂਲੇਪੁਰ, ਅਵਤਾਰ ਸਿੰਘ ਹੱਲੋਤਾਲੀ, ਭੁਪਿੰਦਰ ਸਿੰਘ ਬਾਠ, ਧਰਮਿੰਦਰ ਸਿੰਘ ਗੋਰਖਾ, ਅਵਤਾਰ ਸਿੰਘ ਫੌਜੀ ਅਮਰਗੜ੍ਹ, ਮਨਪ੍ਰੀਤ ਮਨੀ ਕੋਟਲਾ, ਸੁਰਜੀਤ ਸਿੰਘ ਅਮਰਗੜ੍ਹ, ਅਰਜੁਨ ਸਿੰਘ ਝਿੰਜਰਾ, ਸੁਰਮੁੱਖ ਸਿੰਘ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ ਰਾਏ, ਰਾਮ ਆਸਰਾ, ਦਾਨਵੀਰ ਸਿੰਘ, ਬਹਾਦਰ ਗਿਰ, ਲਾਡੀ ਜਾਗੋ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪੂਨਮ ਸਿੰਘ ਤੇ ਪਰਮਿੰਦਰ ਕੌਰ ਨੂੰ ਕਾਂਗਰਸ ਹਿਊਮਨ ਰਾਈਟ ਆਰਗੇਨਾਈਜੇਸ਼ਨ ਦਾ ਸਕੱਤਰ ਬਣਨ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਨਸ਼ੇ ਦੇ ਟੀਕਿਆਂ ਸਮੇਤ ਕਾਬੂ ਕੀਤੇ 2 ਵਿਅਕਤੀਆਂ ਨੂੰ ਅਦਾਲਤ ਨੇ ਸੁਣਾਈ 12-12 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।