15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਭਾਜਪਾ ਨੇ ਬਿਜਲੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਹ ਭਰਿਆ ਪ੍ਰਦਰਸ਼ਨ

ਅਜੀਤ ਡੈਸਕ 04-07-2026
ਫ਼ਤਹਿਗੜ੍ਹ ਸਾਹਿਬ, 3 ਜੁਲਾਈ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾਵਾਂ ਨਾਲ ਭੇਦਭਾਵ ਕਰਨ ਅਤੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਖ਼ੱਜਲ਼-ਖ਼ੁਆਰ ਕਰਨ ਦੇ ਮਾਮਲੇ ਨੂੰ ਲੈ ਕੇ ਬਿਜਲੀ ਬੋਰਡ ਦਫ਼ਤਰ ਸਰਹਿੰਦ ਦੇ ਬਾਹਰ ਜ਼ਬਰਦਸਤ ਰੋਹ ਭਰਿਆ ਵਿਖਾਵਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਉਕਤ ਮਸਲਿਆਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਰਾਰ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੇ ਵਰਗਾਂ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਨਮਾਨ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਜਦੋਂ ‘ਆਪ’ ਸਰਕਾਰ ਦੇ ਕਾਰਜਕਾਲ ਦੇ ਕੁਝ ਹੀ ਮਹੀਨੇ ਰਹਿ ਗਏ ਹਨ ਤਾਂ ਮਹਿਲਾਵਾਂ ਨਾਲ ਭੇਦਭਾਵ ਕਰਕੇ ਕੁਝ ਚੋਣਵੀਂਆਂ ਮਹਿਲਾਵਾਂ ਨੂੰ 1000 ਜਾਂ 1500 ਰੁਪਏ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀ ਮਨਸ਼ਾ ਸਾਫ਼ ਹੈ ਤਾਂ ਮਹਿਲਾਵਾਂ ਨੂੰ ਹੁਣ ਤੱਕ ਹੀ ਬਣਦੀ ਰਾਸ਼ੀ 53 ਹਜ਼ਾਰ ਰੁਪਏ ਪ੍ਰਤੀ ਮਹਿਲਾ ਦੇ ਹਿਸਾਬ ਨਾਲ ਸਾਰੀਆਂ ਮਹਿਲਾਵਾਂ ਦੇ ਖਾਤਿਆਂ ਵਿਚ ਰਾਸ਼ੀ ਪਾਈ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਲੋਂ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਲੋਕਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਮਹਿਲਾਵਾਂ ਨੂੰ ਸਨਮਾਨ ਅਤੇ ਹੱਕ ਦੇਣ ਦੀ ਬਜਾਏ ਸਰਕਾਰ ਵਲੋਂ ਜਾਤੀਵਾਦ ਅਤੇ ਵੰਡ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਪੰਜਾਬ ਦੀਆਂ ਮਹਿਲਾਵਾਂ ਵਿਚ ‘ਆਪ’ ਸਰਕਾਰ ਖ਼ਿਲਾਫ਼ ਰੋਸ ਤੇ ਗ਼ੁੱਸੇ ਦੀ ਲਹਿਰ ਪ੍ਰਚੰਡ ਹੋ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਅਤੇ ਮਹਿਲਾਵਾਂ ਨਾਲ ਇਨਸਾਫ਼ ਕਰਨ ਦੀ ਥਾਂ ਉਨ੍ਹਾਂ ਨਾਲ ਸਿਆਸੀ ਭੇਦਭਾਵ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੱਗ ਰਹੇ ਲਗਾਤਾਰ ਬਿਜਲੀ ਕੱਟਾਂ ਕਾਰਨ ਕਿਸਾਨ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਕਿਉਂਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਨੂੰ ਖੇਤਾਂ ਵਿਚ ਸਿੰਚਾਈ ਕਰਨ ਵਿਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਨਾ ਸਿਰਫ਼ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ, ਸਗੋਂ ਕਿਸਾਨਾਂ ਦੀ ਆਰਥਿਕ ਹਾਲਤ ’ਤੇ ਵੀ ਨਕਾਰਾਤਮਿਕ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਕਰਨ ਵਿਚ ਨਾਕਾਮ ਰਹੀ ਹੈ ਅਤੇ ਬਿਜਲੀ ਪ੍ਰਬੰਧ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਾ ਮਹਿਲਾਵਾਂ ਨੂੰ ਪੂਰਾ ਹੱਕ ਮਿਲਿਆ, ਨਾ ਕਿਸਾਨਾਂ ਨੂੰ ਰਾਹਤ ਅਤੇ ਨਾ ਹੀ ਆਮ ਲੋਕਾਂ ਨੂੰ ਬਿਜਲੀ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਾਪਤ ਹੋ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਯੋਗ ਮਹਿਲਾਵਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਆਰਥਿਕ ਸਹਾਇਤਾ ਦਿੱਤੀ ਜਾਵੇ, ਕਿਸਾਨਾਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ’ਤੇ ਭਾਜਪਾ ਦੇ ਸੀਨੀਅਰ ਆਗੂ ਦੇਵੀ ਦਿਆਲ ਪਰਾਸ਼ਰ, ਅਜਾਇਬ ਸਿੰਘ ਜਖਵਾਲੀ, ਹਰੀਸ਼ ਅਗਰਵਾਲ, ਕੁਲਦੀਪ ਸਿੰਘ ਸਿੱਧੂਪੁਰ, ਕੁਲਦੀਪ ਸਿੰਘ ਸਹੋਤਾ, ਪਰਮਜੀਤ ਸਿੰਘ ਪੰਮਾ, ਸਰਬਜੀਤ ਸਿੰਘ ਮੱਖਣ, ਕਮਲਜੀਤ ਸਿੰਘ ਸਾਨੀਪੁਰ, ਦਵਿੰਦਰ ਕੁਮਾਰ ਭੱਟ, ਜਸਪਾਲ ਸਿੰਘ ਸਹੋਤਾ, ਤਰਲੋਚਨ ਸਿੰਘ ਲਾਲੀ, ਬਲਬੀਰ ਸਿੰਘ ਧਾਰਨੀ, ਸੰਜੀਵ ਕੁਮਾਰ ਦੀਪੂ, ਜਸਵਿੰਦਰ ਸਿੰਘ ਬਰਾਸ, ਹਰਚਰਨ ਸਿੰਘ ਬਧੌਛੀ, ਰਣਧੀਰ ਸਿੰਘ ਬਲ੍ਹਾੜੀ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਗੁਰਮੀਤ ਸਿੰਘ ਹੰਸਾਲੀ, ਸੁਖਵਿੰਦਰ ਸਿੰਘ ਖੇੜਾ, ਸਿਕੰਦਰ ਸਿੰਘ ਚੋਲਟੀ ਖੇੜੀ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਮਾਜਰੀ ਸੋਢੀਆਂ, ਸੁਭਾਸ਼ ਪੰਡਿਤ, ਸੁਖਦੇਵ ਸਿੰਘ, ਅਵਿਨਾਸ਼ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਗੁਰਪਾਲ ਸਿੰਘ, ਪਰਵਿੰਦਰ ਸਿੰਘ ਦਿਓਲ, ਸ਼ਾਮ ਲਾਲ ਨਰੂਲਾ, ਦੀਪਕ ਰਾਜੂ, ਅਜਾਇਬ ਸਿੰਘ, ਸਤਨਾਮ ਸਿੰਘ ਨਿਆਮੂ ਮਾਜਰਾ, ਬਲਵੀਰ ਸਿੰਘ, ਰਜਿੰਦਰ ਕੁਮਾਰ ਗੋਗੀ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਅਕਾਲੀ ਸਰਕਾਰ ਵਲੋਂ ਬਣਾਏ ਸੇਵਾ ਕੇਂਦਰਾਂ ਨੂੰ ਬੰਦ ਕਰਨ ਲਈ ਕਾਂਗਰਸ ਤੇ ‘ਆਪ’ ਦੋਵੇਂ ਸਰਕਾਰਾਂ ਜ਼ਿੰਮੇਵਾਰ-ਰਾਜੂ ਖੰਨਾ ਅਗਲੀ ਖ਼ਬਰ ਸ਼ੋਕੀ ਬਣੇ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।