ਫ਼ਤਹਿਗੜ੍ਹ ਸਾਹਿਬ, 23 ਜੂਨ (ਬਲਜਿੰਦਰ ਸਿੰਘ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜਥੇਬੰਦੀ ਵਿਚ ਟਕਸਾਲੀ ਪਰਿਵਾਰ ਦੇ ਸਵਰਨ ਸਿੰਘ ਸ਼ਿਵਦਾਸਪੁਰ ਨੂੰ ਜ਼ਿਲ੍ਹਾ ਸਕੱਤਰ ਜਨਰਲ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਵਿਚ ਮਾਣ ਸਤਿਕਾਰ ਦੇਣ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬੂਥ ਪੱਧਰ ਤੱਕ ਮਜ਼ਬੂਤ ਹੋਵੇਗਾ। ਜਿਸ ਦੇ ਚੰਗੇ ਨਤੀਜੇ ਭਵਿੱਖ ਵਿਚ ਸਾਹਮਣੇ ਆਉਣਗੇ। ਇਸ ਮੌਕੇ ਸ.ਝਿੰਜਰ ਨੇ ਸਵਰਨ ਸਿੰਘ ਸ਼ਿਵਦਾਸਪੁਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਕੇ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਪਹਿਲਾਂ ਨਾਲੋਂ ਹੋਰ ਵੀ ਉਤਸ਼ਾਹ ਨਾਲ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਕੇ ਅਕਾਲੀ ਦਲ ਨੂੰ ਪਿੰਡ ਪੱਧਰ ‘ਤੇ ਮਜ਼ਬੂਤ ਕਰਨਗੇ। ਇਸ ਮੌਕੇ ਸਵਰਨ ਸਿੰਘ ਸ਼ਿਵਦਾਸਪੁਰ ਨੇ ਸਰਬਜੀਤ ਸਿੰਘ ਝਿੰਜਰ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਵਲੋਂ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਨਿਭਾਅ ਕੇ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉੱਤਰਨਗੇ। ਇਸ ਮੌਕੇ ‘ਤੇ ਜਥੇਦਾਰ ਪ੍ਰਦੀਪ ਸਿੰਘ ਕਲੌੜ, ਯਾਦਵਿੰਦਰ ਸਿੰਘ ਐਡਵੋਕੇਟ ਤਲਾਣੀਆ, ਬੀਰਦਵਿੰਦਰ ਸਿੰਘ ਸ਼ਹੀਦਗੜ੍ਹ ਸਾਬਕਾ ਬਲਾਕ ਸੰਮਤੀ ਮੈਂਬਰ, ਬਲਜਿੰਦਰ ਸਿੰਘ ਸਾਬਕਾ ਸਰਪੰਚ ਭੁੱਚੀ ਅਤੇ ਭੁਪਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ।