ਮੰਡੀ ਗੋਬਿੰਦਗੜ੍ਹ, 2 ਜੂਨ (ਰਾਜੇਸ਼ ਸ਼ਰਮਾ)-ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਪ੍ਰਦੀਪ ਗਰਗ, ਸੀਨੀਅਰ ਆਗੂ ਦੇਵੀ ਦਿਆਲ ਪਰਾਸ਼ਰ ਅਤੇ ਉਦਯੋਗਪਤੀ ਸੁਭਾਸ਼ ਸਿੰਗਲਾ ਨੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਸਬੰਧੀ ਆਮ ਆਦਮੀ ਪਾਰਟੀ 'ਤੇ ਗੰਭੀਰ ਦੋਸ਼ ਲਗਾਏ ਹਨ | ਜੀ.ਟੀ. ਰੋਡ ਸਥਿਤ ਭਾਜਪਾ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਅਧਿਕਾਰੀਆਂ 'ਤੇ ਦਬਾਅ ਪਾ ਕੇ ਭਾਜਪਾ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਦੌਰਾਨ ਕਈ ਖੇਤਰਾਂ ਦੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਗਿਆ ਅਤੇ ਚੋਣ ਪ੍ਰਕਿਰਿਆ ਦੌਰਾਨ ਵੀ ਭਾਜਪਾ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਸਮਾਂ ਆਉਣ 'ਤੇ ਇਸ ਦਾ ਢੁੱਕਵਾਂ ਜਵਾਬ ਦੇਵੇਗੀ | ਭਾਜਪਾ ਆਗੂਆਂ ਨੇ ਕਿਹਾ ਕਿ ਭਾਵੇਂ ਸ਼ਹਿਰ ਦੇ 3 ਵਾਰਡਾਂ ਤੋਂ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ. 1 ਤਨੂ ਰਹਿਲ, ਵਾਰਡ ਨੰਬਰ. 17 ਵੰਦਨਾ ਬੱਤਾ ਅਤੇ ਵਾਰਡ ਨੰਬਰ. 26 ਵਿਚ ਪੁਨੀਤ ਗੋਇਲ ਜਿੱਤ ਹਾਸਲ ਕਰਨ ਵਿਚ ਸਫਲ ਰਹੇ ਹਨ | ਪਾਰਟੀ ਨੂੰ ਹਰ ਵਾਰਡ ਵਿਚ ਲੋਕਾਂ ਦਾ ਭਰਪੂਰ ਪਿਆਰ ਅਤੇ ਸਮਰਥਨ ਮਿਲਿਆ ਹੈ | ਉਨ੍ਹਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਦਾ ਹਰ ਆਗੂ ਅਤੇ ਵਰਕਰ ਲੋਕਾਂ ਦੀ ਸੇਵਾ ਲਈ ਪਹਿਲਾਂ ਵਾਂਗ ਵਚਨਬੱਧ ਰਹੇਗਾ | ਉਨ੍ਹਾਂ ਵਰਕਰਾਂ ਨੂੰ ਲੋਕਾਂ ਵਿਚ ਰਹਿ ਕੇ ਜਨਹਿੱਤ ਦੇ ਮੁੱਦਿਆਂ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ |