30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕੁੱਤੇ ਦੇ ਕੱਟੇ ਨੂੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ-ਐਸ.ਐਮ.ਓ. ਡਾ. ਬੇਦੀ

ਅਜੀਤ ਡੈਸਕ 03-06-2026
ਫ਼ਤਹਿਗੜ੍ਹ ਸਾਹਿਬ, 2 ਜੂਨ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਹਸਪਤਾਲ ਵਿਚ ਹਲ਼ਕਾਅ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਹਲ਼ਕਾਅ ਤੋਂ ਬਚਾਅ, ਐਂਟੀ ਰੇਬੀਜ ਵੈਕਸੀਨ, ਐਂਟੀ ਰੇਬੀਜ਼ ਸੀਰਮ ਅਤੇ ਮੁੱਢਲੀ ਸਹਾਇਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਕੈਂਪ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਬੇਦੀ ਨੇ ਕਿਹਾ ਕਿ ਹਲ਼ਕਾਅ ਦਾ ਕੋਈ ਇਲਾਜ ਨਹੀਂ, ਸਿਰਫ਼ ਬਚਾਅ ਲਈ ਉਪਰਾਲੇ ਹੀ ਸੰਭਵ ਹਨ | ਉਨ੍ਹਾਂ ਦੱਸਿਆ ਕਿ ਹਲ਼ਕਾਅ ਇਕ ਘਾਤਕ ਵਾਇਰਲ ਇਨਫੈਕਸ਼ਨ ਹੈ, ਜੋ ਦਿਮਾਗ਼ ਅਤੇ ਦਿਮਾਗ਼ੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਇਹ ਜਾਨਲੇਵਾ ਹੁੰਦਾ ਹੈ | ਇਸ ਲਈ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ, ਚੱਟਣ ਅਤੇ ਖਰੋਚ ਕਰਨ 'ਤੇ ਅਣਗਹਿਲੀ ਨਾ ਕੀਤੀ ਜਾਵੇ, ਸਗੋਂ ਸਮੇਂ ਸਿਰ ਮਰੀਜ਼ ਨੂੰ ਹਸਪਤਾਲ ਪਹੰੁਚਾ ਕੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਰੇਬੀਜ਼ ਭਾਵੇਂ ਘਾਤਕ ਹੈ, ਪਰ ਇਸ ਤੋਂ ਪੂਰਨ ਬਚਾਅ ਕੀਤਾ ਜਾ ਸਕਦਾ ਹੈ | ਉਨ੍ਹਾਂ ਰੇਬੀਜ ਦੇ ਚਿੰਨ੍ਹ ਤੇ ਲੱਛਣਾਂ ਬਾਰੇ ਜਾਣਕਾਰੀ ਵੀ ਦਿੱਤੀ ਤੇ ਕਿਹਾ ਕਿ ਰੇਬੀਜ ਬਿਮਾਰੀ ਤੋਂ ਬਚਾਅ ਲਈ ਕੁੱਤਿਆਂ/ ਜਾਨਵਰਾਂ ਦੇ ਕੱਟਣ 'ਤੇ ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨ ਹਸਪਤਾਲ, ਕਮਿਊਨਿਟੀ ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕਾਂ ਵਿਚ ਐਂਟੀ ਰੇਬੀਜ ਵੈਕਸੀਨ ਲਗਾਈ ਜਾਂਦੀ ਹੈ ਅਤੇ ਜ਼ਖ਼ਮਾਂ 'ਤੇ ਲਗਾਉਣ ਲਈ ਐਂਟੀ ਰੇਬੀਜ ਸੀਰਮ ਵੀ ਮੁਫ਼ਤ ਉਪਲੱਬਧ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਵਿਚ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕਰਵਾਉਣ | ਉਨ੍ਹਾਂ ਦੇਸੀ ਟੋਟਕਿਆਂ ਦੀ ਬਜਾਏ ਸਹੀ ਇਲਾਜ ਕਰਾਉਣ ਲਈ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ 'ਤੇ ਜ਼ਖਮ 'ਤੇ ਮਿਰਚਾਂ ਜਾਂ ਸੁਰਮਾ ਵਗ਼ੈਰਾ ਨਾ ਲਗਾਓ, ਬਲਕਿ ਫ਼ਸਟ ਏਡ ਦੇ ਤੌਰ 'ਤੇ ਜ਼ਖਮ ਨੂੰ ਵੱਗਦੇ ਪਾਣੀ ਵਿਚ ਟੁੱਟੀ ਥੱਲੇ ਸਾਬਣ ਨਾਲ 15 ਮਿੰਟ ਤੱਕ ਧੋਵੇ ਅਤੇ ਮਰੀਜ਼ ਨੂੰ ਹਸਪਤਾਲ ਲਿਜਾ ਕੇ ਇਲਾਜ ਸ਼ੁਰੂ ਕਰਵਾਓ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਇਸ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਲੋੜ ਪੈਣ 'ਤੇ ਸਾਨੂੰ ਇਸ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ 'ਤੇ ਕਾਂਗਰਸ ਦਾ ਭਾਜਪਾ ਸਰਕਾਰ ਖ਼ਿਲਾਫ਼ ਹੱਲਾ ਬੋਲ ਪ੍ਰਦਰਸ਼ਨ ਅਗਲੀ ਖ਼ਬਰ 7 ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੋਟਰਾਂ ਲਈ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।